ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਹੁਣ ਪੰਜਾਬ ਲੋਕ ਕਾਂਗਰਸ ਪਾਰਟੀ ਬਣਾ ਕੇ 2022 ਵਿਧਾਨ ਸਭਾ ਚੋਣਾਂ ‘ਚ ਪੂਰੇ ਜੋਸ਼ ਨਾਲ ਨਿੱਤਰੇ ਹਨ ਅਤੇ ਪੰਜਾਬ ‘ਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ਦੇ ਵੱਡੇ ਦਾਅਵੇ ਕਰ ਰਹੇ ਹਨ। ਇਸੇ ਵਿਚਾਲੇ ਅੱਜ ਪ੍ਰੋ-ਪੰਜਾਬ ਦੇ ਸੀਨੀਅਰ ਪੱਤਰਕਾਰ ਅਤੇ ਸੰਸਥਾਪਕ ਯਾਦਵਿੰਦਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਜਿੱਥੇ ਉਨ੍ਹਾਂ ‘ਪੰਜਾਬ ਲੋਕ ਕਾਂਗਰਸ ਪਾਰਟੀ’ ਅਤੇ ਭਾਜਪਾ ਦੇ ਗਠਜੋੜ ਬਾਰੇ ਗੱਲ ਕੀਤੀ, ਉਥੇ ਹੀ ਉਨ੍ਹਾਂ ਆਪਣੀਆਂ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨੇ ਵੀ ਵਿੰਨ੍ਹੇ।
ਸੀ.ਐੱਮ. ਚੰਨੀ ਦੇ 111 ਦਿਨ੍ਹਾਂ ਦੀ ਕਾਰਜ਼ਕਾਰੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੇ ਬਤੌਰ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਵਧੀਆ ਕੰਮ ਕੀਤੇ ਹੁੰਦੇ ਤਾਂ ਉਨ੍ਹਾਂ ਨੂੰ ਚਮਕੌਰ ਸਾਹਿਬ ਛੱਡ ਕੀਤੇ ਹੋਰ ਭੱਜਣ ਦੀ ਲੋੜ ਨਹੀਂ ਸੀ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਦੋ ਸੀਟਾਂ ਤੋਂ ਨਹੀਂ ਸਗੋਂ ਇੱਕੋ ਹੀ ਸੀਟ ‘ਤੇ ਚੋਣ ਲੜਣੀ ਚਾਹੀਦੀ ਹੈ।
ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਮਜੀਠਿਆ ਦੀ ਚੋਣਾਂ ‘ਚ ਸਿਆਸੀ ਲੜਾਈ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਸਿੱਧੂ ਨੂੰ ਚੋਣਾਂ ‘ਚ ਹਰਾਉਣਾ ਚਾਹੁੰਦਾ ਹਾ ਅਤੇ ਅੰਮ੍ਰਿਤਸਰ ਪੂਰਬੀ ਤੋਂ ਉਨ੍ਹਾਂ ਨੂੰ ਹਰਾਉਣ ਲਈ ਭਾਜਪਾ ਦੇ ਉਮੀਦਵਾਰ ਜਗਮੋਹਨ ਸਿੰਘ ਰਾਜੂ ਹੀ ਕਾਫੀ ਹਨ। ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨਵਜੋਤ ਸਿੱਧੂ ਨੂੰ ਨਹੀਂ ਹਰਾ ਸਕਦੇ ਉਹ ਤਾਂ ਸਿੱਧੂ ਨਾਲ ਸਿਰਫ ਜੱਟ ਸ਼ਾਹੀ ਕਰ ਰਿਹਾ ਹੈ ।
ਆਪਣੀ ਪੁਰਾਣੀ ਪਾਰਟੀ ਕਾਂਗਰਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਕਾਂਗਰਸ ਪਾਰਟੀ ਨੇ ਮੇਰੀ ਵਫਾਦਾਰੀ ਦਾ ਮੁੱਲ ਨਹੀਂ ਪਾਇਆ। ਉਨ੍ਹਾਂ ਦੱਸਿਆ ਕਿ ਮੈਂ 42 ਸਾਲ ਕਾਂਗਰਸ ਪਾਰਟੀ ‘ਚ ਰਿਹਾ ਅਤੇ 2 ਵਾਰ ਸੀ.ਐੱਮ.,3 ਵਾਰ ਪੀ.ਸੀ.ਸੀ. ਪ੍ਰਧਾਨ, 6-7 ਵਾਰ ਐੱਮ.ਐੱਲ.ਏ. ਅਤੇ 2 ਵਾਰ ਐੱਮ.ਪੀ. ਵਜੋਂ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਪਰ ਜਦੋਂ ਮੈਂ ਕਾਂਗਰਸ ਪਾਰਟੀ ਛੱਡੀ ਤਾਂ ਉਨ੍ਹਾਂ ਨੇ ਮੇਰੀ ਸਾਰ ਨਹੀਂ ਲਈ ਅਤੇ 17 ਕਾਂਗਰਸੀ ਵਿਧਾਇਕਾਂ ‘ਚੋਂ ਮੈਨੂੰ ਸਿਰਫ ਇਕ ਵਿਧਾਇਕ ਦਾ ਫੋਨ ਆਇਆ ਸੀ।