ਪੰਜਾਬ ਪੁਲਿਸ ਵੱਲੋਂ ਗੈਂਗਸਟਰ ਗੋਲਡੀ ਬਰਾੜ ਜਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਤਰਫੋਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ, ਦੀ ਹਵਾਲਗੀ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ, ਜੋ ਕਿ ਸ੍ਰੀ ਮੁਕਤਸਰ ਸਾਹਿਬ ਦਾ ਵਸਨੀਕ ਹੈ ਅਤੇ 2017 ਵਿੱਚ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਗਿਆ ਸੀ, ਲਾਰੈਂਸ ਬਿਸ਼ਨੋਈ ਗਰੋਹ ਦਾ ਸਰਗਰਮ ਮੈਂਬਰ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ 10 ਦਿਨ ਪਹਿਲਾਂ 19 ਮਈ, 2022 ਨੂੰ ਗੋਲਡੀ ਬਰਾੜ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਤਜਵੀਜ਼ ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਸੀ.ਬੀ.ਆਈ.) ਨੂੰ ਭੇਜ ਦਿੱਤੀ ਸੀ, ਤਾਂ ਜੋ ਉਸ ਨੂੰ ਕਾਬੂ ਕਰਕੇ ਭਾਰਤ ਲਿਆਉਣ ਦਾ ਰਾਹ ਪੱਧਰਾ ਕੀਤਾ ਜਾ ਸਕੇ।
ਬੁਲਾਰੇ ਨੇ ਦੱਸਿਆ ਕਿ ਇਹ ਤਜਵੀਜ਼ ਦੋ ਕੇਸਾਂ, ਐਫਆਈਆਰ ਨੰਬਰ 409, ਮਿਤੀ 12.11.2020 ਨੂੰ ਆਈ.ਪੀ.ਸੀ. ਦੀ ਧਾਰਾ 307/427/148/149/120-ਬੀ, ਆਰਮਜ਼ ਐਕਟ ਦੀ ਧਾਰਾ 25/27/54/59 ਅਧੀਨ ਥਾਣਾ ਸਿਟੀ ਫਰੀਦਕੋਟ ਜ਼ਿਲਾ ਫਰੀਦਕੋਟ ਅਤੇ ਐਫਆਈਆਰ ਨੰ. 44, ਮਿਤੀ 18.02.2021 ਨੂੰ ਆਈ.ਪੀ.ਸੀ. ਦੀ ਧਾਰਾ 302/120-ਬੀ/34, ਅਸਲਾ ਐਕਟ ਦੀ ਧਾਰਾ 25/54/59 ਅਧੀਨ ਸਿਟੀ ਫਰੀਦਕੋਟ, ਜ਼ਿਲਾ ਫਰੀਦਕੋਟ ਵਿੱਚ ਦਰਜ ਮਾਮਲੇ ਦੇ ਆਧਾਰ ‘ਤੇ ਭੇਜੀ ਗਈ ਸੀ।
ਇਸ ਤੋਂ ਇਲਾਵਾ ਪੰਜਾਬ ਪੁਲਿਸ ਵੱਲੋਂ ਗੈਂਗਸਟਰ ਤੋਂ ਅੱਤਵਾਦੀ ਬਣੇ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਵਾਸੀ ਪਿੰਡ ਰੱਤੋਕੇ, ਤਰਨਤਾਰਨ ਵਿਰੁੱਧ ਵੀ ਰੈੱਡ ਕਾਰਨਰ ਨੋਟਿਸ (ਆਰਸੀਐਨ) ਜਾਰੀ ਕਰਨ ਦੀ ਮੰਗ ਕੀਤੀ ਹੈ, ਜਿਸ ਸਬੰਧੀ ਤਜਵੀਜ਼ 5 ਮਈ, 2022 ਨੂੰ ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਸੀਬੀਆਈ) ਨੂੰ ਭੇਜੀ ਗਈ ਸੀ। ਰਿੰਦਾ, ਜੋ ਹਾਲ ਹੀ ਵਿੱਚ ਪੰਜਾਬ ਵਿੱਚ ਕਈ ਅੱਤਵਾਦੀ ਮਾਡਿਊਲ ਤਿਆਰ ਕਰਨ ਅਤੇ ਚਲਾਉਣ ਲਈ ਜ਼ਿੰਮੇਵਾਰ ਹੈ, ਹੁਣ ਪਾਕਿਸਤਾਨ ਵਿੱਚ ਰਹਿ ਰਿਹਾ ਹੈ। ਪਾਕਿ ਆਈਐਸਆਈ ਦੀ ਹਮਾਇਤ ਪ੍ਰਾਪਤ, ਰਿੰਦਾ ਭਾਰਤ ਵਿੱਚ ਭਾਰੀ ਮਾਤਰਾ ਵਿੱਚ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਤਸਕਰੀ ਵਿੱਚ ਵੀ ਜ਼ਿੰਮੇਵਾਰ ਰਿਹਾ ਹੈ। ਪੰਜਾਬ ਪੁਲਿਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਕਰਨਾਲ ਵਿੱਚ ਗ੍ਰਿਫਤਾਰ ਕੀਤੇ ਗਏ ਚਾਰ ਅੱਤਵਾਦੀਆਂ ਤੋਂ ਭਾਰੀ ਮਾਤਰਾ ਵਿੱਚ ਹਥਿਆਰ/ਗੋਲਾ ਬਾਰੂਦ ਅਤੇ ਆਈ.ਈ.ਡੀਜ਼ ਬਰਾਮਦ ਕੀਤੇ ਗਏ ਹਨ, ਜੋ ਕਿ ਰਿੰਦਾ ਨਾਲ ਸਬੰਧਤ ਸਨ। ਹਾਲ ਹੀ ਵਿੱਚ, ਉਹ ਆਪਣੇ ਸੰਚਾਲਕਾਂ ਰਾਹੀਂ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਆਰਪੀਜੀ ਹਮਲੇ, ਨਵੰਬਰ, 2021 ਵਿੱਚ ਸੀਆਈਏ ਦਫਤਰ, ਐਸਬੀਐਸ ਨਗਰ ‘ਤੇ ਗ੍ਰਨੇਡ ਹਮਲੇ, ਅਨੰਦਪੁਰ ਸਾਹਿਬ, ਰੂਪਨਗਰ ਵਿੱਚ ਪੁਲਿਸ ਚੌਕੀ ਕਾਹਲਵਾਂ ‘ਤੇ ਆਈਈਡੀ ਹਮਲੇ ਲਈ ਜ਼ਿੰਮੇਵਾਰ ਸੀ।
ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਰਿੰਦਾ ਵਿਰੁੱਧ ਜ਼ਿਲ੍ਹਾ ਪਟਿਆਲਾ ਦੇ ਤਿੰਨ ਮਾਮਲਿਆਂ ਵਿੱਚ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ ਜਿਹਨਾਂ ਵਿੱਚ ਐਫਆਈਆਰ ਨੰਬਰ 03 ਮਿਤੀ 06.01.2014 ਨੂੰ ਆਈਪੀਸੀ ਦਾ ਧਾਰਾ 307, 332, 353, 186, 148, 149 ਤਹਿਤ ਥਾਣਾ ਤ੍ਰਿਪੁਰੀ ਵਿੱਚ ਦਰਜ ਮਾਮਲਾ, ਐਫਆਈਆਰ ਨੰ. 74 ਮਿਤੀ 26.05.2016 ਨੂੰ ਆਈਪੀਸੀ ਦਾ ਧਾਰਾ 307, 341, 473, 34 ਅਤੇ ਆਰਮਜ਼ ਐਕਟ ਦੀ ਧਾਰਾ 25, 54, 59 ਤਹਿਤ ਥਾਣਾ ਸਦਰ ਪਟਿਆਲਾ ਵਿਖੇ ਦਰਜ ਮਾਮਲਾ ਅਤੇ ਐਫ.ਆਈ.ਆਰ ਨੰ. 173 ਮਿਤੀ 19.07.2016 ਨੂੰ ਆਈਪੀਸੀ ਦਾ ਧਾਰਾ 399, 402, 413, 473, 120-ਬੀ, ਆਰਮਜ਼ ਐਕਟ ਦੀ ਧਾਰਾ 25, 54, 59 ਅਤੇ ਐਨ.ਡੀ.ਪੀ.ਐਸ ਐਕਟ ਦੀ ਧਾਰਾ 22, 61, 85 ਤਹਿਤ ਥਾਣਾ ਸਿਟੀ ਰਾਜਪੁਰਾ ਵਿਖੇ ਦਰਜ ਮਾਮਲਾ ਸ਼ਾਮਲ ਹੈ।
ਬੁਲਾਰੇ ਨੇ ਕਿਹਾ ਕਿ ਇੰਟਰਪੋਲ ਨਾਲ ਤਾਲਮੇਲ ਲਈ ਸੀਬੀਆਈ, ਸੈਂਟਰਲ ਨੈਸ਼ਨਲ ਬਿਊਰੋ ਦੇ ਪੱਧਰ ‘ਤੇ ਪ੍ਰਸਤਾਵ ਪ੍ਰਕਿਰਿਆ ਅਧੀਨ ਹੈ। ਉਹਨਾਂ ਅੱਗੇ ਕਿਹਾ ਕਿ ਆਰਸੀਐਨ ਦੇ ਲਾਗੂ ਹੋਣ ‘ਤੇ, ਹਵਾਲਗੀ ਪ੍ਰਸਤਾਵ ਐਮਐਚਏ ਅਤੇ ਐਮਈਏ ਰਾਹੀਂ ਭੇਜਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਿਦੇਸ਼ੀ ਧਰਤੀ ਤੋਂ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨ ਵਾਲੇ ਅਪਰਾਧਿਕ ਗਰੁੱਪਾਂ/ਗੈਂਗਾਂ ਵਿਰੁੱਧ ਆਪਣੀ ਜੰਗ ਲਈ ਵਚਨਬੱਧ ਹੈ। ਅਪਰਾਧਿਕ ਗਰੁੱਪਾਂ/ਗੈਂਗਾਂ ਵਿਰੁੱਧ ਮਿਸਾਲੀ ਕਾਰਵਾਈ ਕਰਨ ਸਬੰਧੀ ਸੂਬਾ ਸਰਕਾਰ ਦੀ ਤਰਜੀਹ ਦੇ ਮੱਦੇਨਜ਼ਰ, ਸੂਬਾ ਸਰਕਾਰ ਭਵਿੱਖ ਵਿੱਚ ਵਿਦੇਸ਼ ਅਧਾਰਤ ਅਪਰਾਧੀਆਂ ਦੀ ਹਵਾਲਗੀ ਦੇ ਸਾਰੇ ਕੇਸਾਂ ਦੀ ਸਖਤ ਪੈਰਵੀ ਕਰਦੀ ਰਹੇਗੀ।