ਪੰਜਾਬ ਸਰਕਾਰ ਵੱਲੋਂ ਵਿਵਾਹ ਸ਼ਾਦੀਆਂ ਜਾਂ ਕਿਸੇ ਫੰਕਸ਼ਨ ‘ਚ ਡੀ.ਜੇ. ‘ਤੇ ਭੜਕਾਊ ਗਾਣਿਆਂ ‘ਤੇ ਰੋਕ ਲਗਾਈ ਗਈ ਹੈ ਪਰ ਫਿਰ ਵੀ ਉਸ ਦਾ ਕੋਈ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਤੇ ਭੜਕਾਊ ਪੰਜਾਬੀ ਗਾਣਿਆਂ ਦਾ ਫਿਤੂਰ ਨੌਜਵਾਨਾਂ ਦੇ ਸਿਰ ‘ਤੇ ਚੜ੍ਹ ਕੇ ਬੋਲ ਰਿਹਾ ਹੈ। ਮਾਮਲਾ ਕੁਝ ਅਜਿਹਾ ਹੈ ਕਿ ਇਕ ਨੌਜਵਾਨ ਵੱਲੋਂ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਇੱਕ ਗੀਤ ‘ਰੱਖ ਕਿਰਪਾਨਾਂ ਉਤੇ ਖਾਂਦੇ ਰੋਟੀਆਂ’ ਗਾਣੇ ‘ਤੇ ਵੀਡੀਓ ਬਣਾਈ ਗਈ। ਜਿਸ ‘ਚ ਉਹ ਨੌਜਵਾਨ ਕਿਰਪਾਨ ’ਤੇ ਰੱਖ ਕੇ ਰੋਟੀ ਖਾਂਧਾ ਦਿਖਾਈ ਦਿੱਤਾ।
ਜਿਹੜੀ ਕਿ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਦੇ ਚੱਲਦਿਆਂ ਭਵਾਨੀਗੜ੍ਹ ਪੁਲਸ ਨੇ ਘਰਾਚੋਂ ਦੇ ਰਹਿਣ ਵਾਲੇ ਪਰਮਜੀਤ ਸਿੰਘ ’ਤੇ ਆਰਮਸ ਐਕਟ ਦੇ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਵੀਡੀਓ ’ਚ ਤੇਜ਼ਧਾਰ ਹਥਿਆਰ ਦਿਖਾ ਕੇ ਧਮਕਾਉਣ ਦੇ ਨਾਲ-ਨਾਲ ਬਦਮਾਸ਼ੀ ਦਾ ਪ੍ਰਚਾਰ ਕਰਦਾ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਪਰਮਜੀਤ ‘ਤੇ ਨਾਬਾਲਿਗ ਕੁੜੀ ਨਾਲ ਛੇੜਛਾੜ ਦਾ ਵੀ ਮਾਮਲਾ ਦਰਜ ਹੈ।