ਕਾਂਗਰਸ ਆਗੂ ਤੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਪੰਜਾਬ ਦੇ ਮਾਨਸਾ ‘ਚ ਲੋਕਾਂ ‘ਚ ਭਾਰੀ ਰੋਸ ਹੈ। ਮ੍ਰਿਤਕ ਦੇਹ ਨੂੰ 5 ਡਾਕਟਰਾਂ ਦਾ ਪੈਨਲ ਵੱਲੋਂ ਪੋਸਟਮਾਰਟਮ ਕੀਤਾ ਗਿਆ। 5 ਡਾਕਟਰਾਂ ਦੇ ਪੈਨਲ ਵੱਲੋਂ ਕੀਤੇ ਇਸ ਪੋਸਟਮਾਰਟਮ ‘ਚ ਵੱਡੇ ਖੁਲਾਸੇ ਹੋਏ ਹਨ। ਸਿੱਧੂ ਮੂਸੇਵਾਲਾ ਦੇ ਸ਼ਰੀਰ ‘ਚੋਂ ਦੋ ਦਰਜਨ ਤੋਂ ਵੱਧ ਗੋਲੀਆਂ ਨਿਕਲੀਆਂ ਹਨ। ਉਨ੍ਹਾਂ ਦੇ ਸਿਰ ਅੰਦਰੋਂ ਵੀ ਇਕ ਗੋਲੀ ਮਿਲੀ ਹੈ। ਜਾਂਚ ਕਰ ਰਹੇ 5 ਡਾਕਟਰਾਂ ਦੇ ਪੈਨਲ ਦਾ ਕਹਿਣਾ ਹੈ ਕਿ ਜਿਆਦਾ ਖੂਨ ਵਹਿਣ ਕਰਕੇ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਹੈ।
ਦੱਸ ਦੇਈਏ ਕਿ ਪਿੰਡ ਜਵਾਹਰਕੇ ਦੇ ਮਾਤਾ ਰਾਣੀ ਚੌਂਕ ਵਿਚ ਸਿੱਧੂ ਮੂਸੇਵਾਲਾ ਆਪਣੇ ਦੋਸਤਾਂ ਸਮੇਤ ਥਾਰ ਗੱਡੀ ’ਤੇ ਆਪਣੇ ਪਿੰਡ ਮੂਸਾ ਵਿਖੇ ਜਾ ਰਹੇ ਸੀ ਤਾਂ ਅਚਾਨਕ ਇਕ ਕਾਲੇ ਰੰਗ ਦੀ ਇਨਡੈਵਰ ਗੱਡੀ ਵਿਚ ਸਵਾਰ ਹੋ ਕੇ ਆਏ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਉਨ੍ਹਾਂ ’ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਜਿਸ ’ਤੇ ਕਈ ਗੋਲੀਆਂ ਸਿੱਧੂ ਮੂਸੇਵਾਲਾ ਦੀ ਬਾਂਹ ਅਤੇ ਛਾਤੀ ਵਿਚ ਲੱਗੀਆਂ। ਇਸ ਮੌਕੇ ਉਨ੍ਹਾਂ ਨਾਲ ਥਾਰ ਵਿਚ ਮੌਜੂਦ ਗੁਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਲਾਲ ਸਿੰਘ ਵਾਸੀ ਮੂਸਾ ਵੀ ਗੰਭੀਰ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਮਾਨਸਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿੱਥੇ ਸਿੱਧੂ ਮੂਸੇਵਾਲਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।