ਚੰਡੀਗੜ ( ਪ੍ਰੋ ਪੰਜਾਬ ਟੀਵੀ ) ਬੀਤੀ 29 ਮਈ ਨੂੰ ਮਸ਼ਹੂਰ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲੇ( ਸ਼ੁਭਦੀਪ ਸਿੰਘ) ਦੀ ਦਿਨ-ਦਿਹਾੜੇ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ,ਜਿਸ ਦੀ ਚਰਚਾ ਦੇਸ਼ ਭਰ ਦਾ ਮੀਡੀਆ ਦਾ ਹਰ ਵਰਗ ਕਰ ਰਿਹਾ ਹੈ । ਪੰਜਾਬ ਦੇ ਨੌਜੁਆਨ ਵੱਡੀ ਗਿਣਤੀ ਚ ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ । ਪੰਜਾਬ ਆਰਥਿੱਕ ਪੱਖੋਂ ਕੱਖੋਂ ਹੌਲਾ ਹੋ ਗਿਆ ਹੈ। ਪੜਿਆ ਲਿੱਖਿਆ ਨੌਜੁਆਨ ਬੇਰੁਜਗਾਰੀ ਦੀ ਮਾਰ ਝੱਲ ਰਹੇ ਹਨ । ਪੰਜਾਬ ਗੱਭਰੂਆਂ ਨੂੰ ਡਰੱਗਜ਼ ਦੀ ਮਾਰ ਵੱਜ ਰਹੀ ਹੈ।
ਮਾਪੇ ਇਥੋਂ ਦੇ ਨਾਜੁਕ ਹਲਾਤਾਂ ਤੋਂ ਬੇਹੱਦ ਚਿੰਤਤ ਹਨ,ਉਨਾ ਦਾ ਤਰਕ ਹੈ ਕਿ ਭਾਵੇ ਬੱਚੇ ਸਾਡੇ ਤੋਂ ਦੂਰ ਰਹਿਣ ਪਰ ਸਹੀ ਸਲਾਮਤ ਹੋਣ । ਕਿਤੇ ਨਾ ਕਿਤੇ ਉਕਤ ਗਾਇਕ ਦੀ ਮੌਤ ਤੋਂ ਬਾਅਦ ਪਹਿਲਾਂ ਨਾਲੋ ਜਿਆਦਾ ਮਾਪਿਆਂ ਤੇ ਨੌਜੁਆਨਾਂ ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ । ਪੰਜਾਬ ਦਾ ਅਸ਼ਾਂਤ ਮਹੌਲ ਹੋਣ ਕਰਕੇ, ਲੱਖਾ-ਕਰੋੜਾਂ ਦਾ ਕਰਜ਼ਾ ਚੁੱਕ ਕੇ ਮਾਪੇ ਆਪਣੇ ਬੱਚਿਆਂ ਦੇ ਬੇਹਤਰ ਭਵਿੱਖ ਲਈ ਵਿਦੇਸ਼ ਭੇਜ ਰਹੇ ਹਨ । ਚਰਚਾ ਮੁਤਾਬਕ ਕਨੇਡਾ,ਅਮਰੀਕਾ,ਇੰਗਲੈਂਡ,ਨਿਉਜੀਲੈਂਡ ਆਦਿ ਮੁਲਕਾਂ ਚ ਜਾਣਾ ਨੌਜੁਆਨਾਂ ਦੀ ਪਹਿਲੀ ਪਸੰਦ ਹੈ ਤੇ ਇਨਾਂ ਮੁਲਕਾਂ ਚ ਕਰੀਬ ਪ੍ਰਤੀ ਵਿਅਕਤੀ ਖਰਚਾ 20 ਤੋਂ 24 ਲੱਖ ਦੇ ਕਰੀਬ ਆਉਂਦਾ ਹੈ।ਬੇਰੁਜਗਾਰੀ,ਨਿਕੰਮੀ ਕਨੂੰਨ ਵਿਵਸਥਾ ,ਡਰੱਗਜ਼,ਕਿਸਾਨ ਮਜਦੂਰਾਂ ਦੀਆਂ ਖੁਦਕੁਸ਼ੀਆਂ,ਮਹਿੰਗਾਈ,ਖੇਤੀਬਾੜੀ ਦੀਆਂ ਦਰਪੇਸ਼ ਮੁਸ਼ਕਲਾਂ,ਪ੍ਰਸ਼ਾਸ਼ਨਿਕ ਸੁਧਾਰ ਆਦਿ ਸਮੱਸਅਿਵਾਂ ਨਾਲ ਸਰਹੱਦੀ ਸੂਬਾ ਪੰਜਾਬ ਜੂਝ ਰਿਹਾ ਹੈ ।
ਆਮ ਆਦਮੀ ਪਾਰਟੀ ਨੇ ਲੰਘੀਆਂ ਵਿਧਾਨ ਸਭਾ ਚੋਣਾਂ ਚ ਰਿਕਾਰਡ 92 ਸੀਟਾਂ ਲੈ ਕੇ ਪੰਜਾਬ ਚ ਆਪਣੀ ਜਿੱਤ ਦਾ ਝੰਡਾ ਬਹੁਤ ਵੱਡੇ ਦਾਅਵਿਆਂ ਤੇ ਵਾਅਦਿਆਂ ਤੇ ਗੱਡਿਆ ਸੀ । ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ,ਕਾਂਗਰਸ ਤੇ ਭਾਜਪਾ ਲਗਾਤਾਰ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲੈ ਰਹੀਆਂ ਹਨ ਕਿ ਆਪ ਪਾਰਟੀ ਪੰਜਾਬ ਦੀ ਸਤਾ ਦੇ ਕਾਬਿਲ ਨਹੀ,ਜਿਸ ਦੇ 3 ਮਹੀਨੇ ਦੇ ਰਾਜ ਚ ਪੰਜਾਬ ਚ ਅਮਨ-ਕਾਨੂੰਨ ਦੀ ਹਾਲਤ ਬੇਹੱਦ ਡਾਵਾਂਡੋਂਲ ਬਣ ਗਈ ਹੈ । ਲੋਕ ਚਰਚਾ ਮੁਤਾਬਕ ਆਪ ਪਾਰਟੀ ਨੇ ਪੰਜਾਬ ਦੀ ਸਤਾ ਹਾਸਲ ਕਰਨ ਲਈ ਦਾਅਵੇ ਤੇ ਵਾਅਦੇ ਬਹੁਤ ਵੱਡੇ ਕੀਤੇ ਸਨ,ਪਰ ਕੀ ਉਹ ਇਨਾ ਨੂੰ ਨਿਭਾਉਣ ਚ ਕਾਰਗਰ ਸਿੱਧ ਹੋ ਪਾਵੇਗੀ? ਇਹ ਤਾਂ ਵਕਤ ਹੀ ਦੱਸੇਗਾ ਪਰ ਕਿਸੇ ਵੀ ਸਰਕਾਰ ਦੀ ਪਹਿਲੀ ਜੁੰਮੇਵਾਰੀ ਲੋਕਾਂ ਦੀ ਸੁਰੱਖਿਆ ਹੁੰਦੀ ਹੈ। ਇਸ ਘਟਨਾ ਨੇ ਮਾਪਿਆਂ ਤੇ ਹਰ ਵਰਗ ਨੂੰ ਝੰਜੋੜ ਕੇ ਸੁੱਟ ਦਿਤਾ ਹੈ।