ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਦਿੱਲੀ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਸ਼ੂਟਰਾਂ ਨੂੰ ਜਲਦੀ ਹੀ ਪੰਜਾਬ ਪੁਲਸ ਪੁੱਛਗਿੱਛ ਲਈ ਪੰਜਾਬ ਲੈ ਕੇ ਆ ਸਕਦੀ ਹੈ। ਸੋਮਵਾਰ ਨੂੰ ਦਿੱਲੀ ਪੁਲਸ ਨੇ ਸ਼ਾਰਪ ਸ਼ੂਟਰ ਪ੍ਰਿਯਵਰਤ ਉਰਫ ਫੌਜੀ (26), ਕਸ਼ਿਸ਼ (24) ਅਤੇ ਕੇਸ਼ਵ (29) ਨੂੰ ਗ੍ਰਿਫ਼ਤਾਰ ਕੀਤਾ ਸੀ।
ਸੂਤਰਾਂ ਮੁਤਾਬਕ ਦਿੱਲੀ ਦੇ ਸਪੈਸ਼ਲ ਸੈੱਲ ਦੀ ਪੁੱਛਗਿੱਛ ਤੋਂ ਬਾਅਦ ਪੰਜਾਬ ਪੁਲਸ ਜਲਦ ਹੀ ਇਨ੍ਹਾਂ ਨੂੰ ਪੰਜਾਬ ਪੁੱਛਗਿੱਛ ਲਈ ਲੈ ਕੇ ਆ ਸਕਦੀ ਹੈ। ਜਾਣਕਾਰੀ ਅਨੁਸਾਰ ਤਿੰਨੇ ਮੁਲਜ਼ਮ ਸਿੱਧੂ ਕਤਲ ਕਾਂਡ ’ਚ ਸ਼ਾਮਲ ਹਨ, ਇਸੇ ਕਰਕੇ ਵਿਸ਼ੇਸ਼ ਟੀਮ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਪੰਜਾਬ ਦੀ ਮਾਨਸਾ ਪੁਲਸ ਇਨ੍ਹਾਂ ਨੂੰ ਪੰਜਾਬ ਲੈ ਕੇ ਆਵੇਗੀ।
ਪੰਜਾਬ ਪੁਲਸ ਦੇ ਸੂਤਰਾਂ ਮੁਤਾਬਕ ਦਿੱਲੀ ਵਿਚ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਪੰਜਾਬ ਲਿਆਂਦਾ ਜਾਵੇਗਾ। ਇਸ ਤੋਂ ਪਹਿਲਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੰਜਾਬ ਪੁਲਸ ਦਾ ਦਾਅਵਾ ਹੈ ਕਿ ਲਾਰੈਂਸ ਨੇ ਪੁੱਛਗਿੱਛ ਦੌਰਾਨ ਗੋਲਡੀ ਬਰਾੜ ਦੇ ਪਤੇ ਬਾਰੇ ਜਾਣਕਾਰੀ ਦਿੱਤੀ ਹੈ। ਗੋਲਡੀ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਹੋ ਚੁੱਕਾ ਹੈ।
ਉਧਰ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਹੁਣ ਤੱਕ ਪੰਜਾਬ ਪੁਲਸ 11 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਵਿਚ ਸ਼ੂਟਰਾਂ ਨੂੰ ਗੱਡੀ ਦੇਣ ਵਾਲਾ ਮਨਪ੍ਰੀਤ ਭਾਊ, ਗੈਂਗਸਟਰ ਮਨਪ੍ਰੀਤ ਮੰਨਾ, ਸਰਾਜ ਮਿੰਟੂ, ਪ੍ਰਭਦੀਪ ਸਿੱਧੂ ਉਰਫ ਪੱਬੀ, ਮੋਨੂੰ ਡਾਗਰ, ਪਵਨ ਬਿਸ਼ਨੋਈ, ਨਸੀਬ ਖਾਨ ਅਤੇ ਸੰਦੀਪ ਕੇੜਾ ਦੇ ਨਾਮ ਮੁੱਖ ਤੌਰ ’ਤੇ ਸ਼ਾਮਲ ਹਨ।
ਦੱਸ ਦੇਈਏ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ’ਤੇ ਅਣਪਛਾਤੇ ਹਮਲਾਵਰਾਂ ਨੇ ਤਕਰੀਬਨ 20-25 ਗੋਲੀਆਂ ਦਾਗ਼ੀਆਂ ਸਨ, ਜਿਸ ਤੋਂ ਬਾਅਦ ਮੂਸੇਵਾਲਾ ਨੂੰ ਗੰਭੀਰ ਤੌਰ ’ਤੇ ਜ਼ਖ਼ਮੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਸੀ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ।