ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਐੱਸ. ਆਈ. ਟੀ. ਦੇ ਸਾਹਮਣੇ ਡਰੱਗਜ਼ ਮਾਮਲੇ ਦੀ ਜਾਂਚ ਵਿਚ ਸ਼ਾਮਲ ਹੋਏ ਅਤੇ ਸਿਟ ਵੱਲੋਂ ਉਨ੍ਹਾਂ ਕੋਲੋਂ 2 ਘੰਟੇ ਪੁੱਛਗਿੱਛ ਕੀਤੀ ਗਈ।
ਪੁੱਛਗਿੱਛ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਸਿਆਸਤ ਕਰਨ ਲਈ ਉਨ੍ਹਾਂ ‘ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ ਕਿਉਂਕਿ ਇਸ ਮਾਮਲੇ ਨਾਲ ਸਬੰਧਿਤ ਪੂਰੀ ਜਾਂਚ ਏ. ਡੀ. ਜੀ. ਪੀ. ਪੱਧਰ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਨਾਲ ਸਬੰਧਿਤ ਸੱਚ ਲੋਕਾਂ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਉਹ ਜਾਂਚ ਵਿਚ ਪੂਰਾ ਸਹਿਯੋਗ ਕਰਨਗੇ। ਬਿਕਰਮ ਮਜੀਠੀਆ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਵਿਕਾਸ ਨਾ ਦੀ ਕੋਈ ਚੀਜ਼ ਨਹੀਂ ਅਤੇ ਠੋਕੋ ਤਾਲੀ ਵੱਲੋਂ ਖਟਾਰਾ ਮਾਡਲ ਪੇਸ਼ ਕੀਤਾ ਗਿਆ ਹੈ ਅਤੇ ਇਹ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ। ਸਿੱਧੂ ਸਿਰਫ ਮੈਂ-ਮੈਂ ਮੈਂ ਕਰਦਾ ਹੀ ਪੰਜਾਬ ਘੁੰਮ ਰਿਹਾ ਹੈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਬਤੌਰ ਮੰਤਰੀ ਹੁੰਦਿਆਂ ਵੱਖ-ਵੱਖ ਮਹਿਕਮਿਆਂ ਵਿੱਚ ਕਾਰਗੁਜ਼ਾਰੀ ਜ਼ੀਰੋ ਫ਼ੀਸਦੀ ਹੈ।
ਕੇਜਰੀਵਾਲ ਦੇ ਮਾਡਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ‘ਚ ਉਨ੍ਹਾਂ ਨੂੰ 7 ਸਾਲ ਹੋ ਗਏ ਹਨ ਕੰਮ ਕਰਦੇ ਪਰ ਉਥੇ ਤਾਂ ਇਹੋ ਜਿਹਾ ਕੋਈ ਮਾਡਲ ਨਹੀਂ ਹੈ, ਉਨ੍ਹਾਂ ਕਿਹਾ ਜੇਕਰ ਅਜਿਹਾ ਹੁੰਦਾ ਤਾਂ ਪੰਜਾਬ ਦੇ ਨੌਜਵਾਨ ਦਿੱਲੀ ਚਲੇ ਜਾਂਦੇ ਅਤੇ ਮਾਤਾ-ਪਿਤਾ ਨੂੰ ਵੀ ਕੋਈ ਦੁੱਖ ਨਹੀਂ ਹੁੰਦਾ ਪਰ ਅਜਿਹਾ ਤਾਂ ਕੁਝ ਨਹੀਂ ਹੈ। ਉਨ੍ਹਾਂ ਕੇਜਰੀਵਾਲ ਦੇ ਮਾਡਲ ਨਟਵਰਲਾਲ ਮਾਡਲ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਮਾਡਲ ਆਪਣਾ ਖੁੱਦ ਦਾ ਮਾਡਲ ਹੋਵੇਗਾ ਕੇਜਰੀਵਾਲ ਪੰਜਾਬ ਦਾ ਮਾਡਲ ਨਹੀਂ ਸਮਜ ਸਕਦੇ।