ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਆਪਣੀ ਜਾਨ ਦੇ ਖਤਰੇ ਬਾਰੇ ਪਤਾ ਸੀ। ਇਸ ਕਾਰਨ ਉਹ ਹਰ ਸਮੇਂ ਸੁਰੱਖਿਆ ਦੇ ਤਣਾਅ ਵਿਚ ਰਹਿੰਦਾ ਸੀ। ਉਨ੍ਹਾਂ ਇਹ ਗੱਲ ਪਿਛਲੀ ਕਾਂਗਰਸ ਸਰਕਾਰ ਦੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਦੱਸੀ ਸੀ। ਮੂਸੇਵਾਲਾ ਨੇ ਕਿਹਾ ਸੀ ਕਿ ਜੇਕਰ ਮੈਂ ਵਿਧਾਇਕ ਬਣ ਗਿਆ ਤਾਂ ਮੇਰੀ ਜਾਨ ਬਚ ਜਾਵੇਗੀ। ਮੈਨੂੰ ਸੁਰੱਖਿਆ ਮਿਲੇਗੀ। ਮੂਸੇਵਾਲਾ ਦੀ 29 ਮਈ ਨੂੰ ਸ਼ਾਮ 5.30 ਵਜੇ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਉਨ੍ਹਾਂ ਦੀ ਸੁਰੱਖਿਆ ਘਟਾ ਦਿੱਤੀ ਗਈ ਸੀ।
ਸਾਬਕਾ ਗ੍ਰਹਿ ਮੰਤਰੀ ਨੇ ਕਿਹਾ- ਰਾਜਾ ਵੜਿੰਗ ਨੇ ਉਨ੍ਹਾਂ ਨੂੰ ਚੋਣ ਲੜਨ ਤੋਂ ਰੋਕਿਆ ਸੀ
ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ 2020 ਤੋਂ ਸਿੱਧੂ ਮੂਸੇਵਾਲਾ ਮੇਰੇ ਘਰ ਆਉਂਦਾ ਰਿਹਾ ਹੈ। ਜਦੋਂ ਮੂਸੇਵਾਲਾ ਨੇ ਚੋਣ ਲੜਨ ਦੀ ਇੱਛਾ ਪ੍ਰਗਟਾਈ ਤਾਂ ਉਨ੍ਹਾਂ ਨੂੰ ਤਤਕਾਲੀ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰੋਕ ਦਿੱਤਾ ਸੀ। ਰਾਜਾ ਵੜਿੰਗ ਨੇ ਮੂਸੇਵਾਲਾ ਨੂੰ ਚੋਣ ਨਾ ਲੜਨ ਲਈ ਕਿਹਾ ਸੀ। ਉਨ੍ਹਾਂ ਕਿਹਾ ਸੀ ਕਿ ਤੁਹਾਡਾ ਬਹੁਤ ਵੱਡਾ ਨਾਮ ਹੈ, ਰਾਜਨੀਤੀ ਵਿੱਚ ਨਾ ਆਓ।
ਮੂਸੇਵਾਲਾ ਨੇ ਕਿਹਾ- ਰੋਜ਼ ਹੱਥ ਜੋੜਣੇ ਪੈਂਦੇ ਹਨ
ਸਾਬਕਾ ਗ੍ਰਹਿ ਮੰਤਰੀ ਰੰਧਾਵਾ ਨੇ ਕਿਹਾ ਕਿ ਵੜਿੰਗ ਵੱਲੋਂ ਇਨਕਾਰ ਕਰਨ ‘ਤੇ ਮੂਸੇਵਾਲਾ ਨੇ ਕਿਹਾ ਕਿ ਭਾਈ ਜੇ ਮੈਂ ਵਿਧਾਇਕ ਬਣ ਗਿਆ ਤਾਂ ਮੇਰੀ ਜਾਨ ਬਚ ਜਾਵੇਗੀ। ਮੈਨੂੰ ਸੁਰੱਖਿਆ ਮਿਲ ਜਾਵੇਗੀ। ਹਰ ਰੋਜ਼ ਮੈਨੂੰ ਸੁਰੱਖਿਆ ਲੈਣ ਲਈ ਕਿਸੇ ਨਾ ਕਿਸੇ ਅੱਗੇ ਹੱਥ ਜੋੜਣੇ ਪੈਂਦੇ ਹਨ। ਰੰਧਾਵਾ ਨੇ ਕਿਹਾ ਕਿ ਇਹ ਅਸਲ ਕਾਰਨ ਸੀ ਜਿਸ ਕਰਕੇ ਮੂਸੇਵਾਲਾ ਚੋਣ ਲੜ ਰਿਹਾ ਸੀ। ਮੂਸੇਵਾਲਾ ਵਿਧਾਇਕ ਨਹੀਂ ਬਣ ਸਕਿਆ ਅਤੇ ਉਸ ਦਾ ਕਤਲ ਵੀ ਹੋ ਗਿਆ।