ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ 534ਵੇਂ ਵਿਆਹ ਪੁਰਬ ਦੀ ਖੁਸ਼ੀ ‘ਚ ਬਾਰਾਤ ਰੂਪੀ ਅਲੌਕਿਕ ਅਤੇ ਮਹਾਨ ਨਗਰ ਕੀਰਤਨ ਅੱਜ ਸਵੇਰੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਬਟਾਲਾ ਦੇ ਲਈ ਰਵਾਨਾ ਹੋਇਆ।ਇਸ ਤੋਂ ਪਹਿਲਾਂ ਹੈੱਡ ਗ੍ਰੰਥੀ ਭਾਈ ਸੁਰਜੀਤ ਸਿੰਘ ਵਲੋਂ ਨਗਰ ਕੀਰਤਨ ਦੇ ਆਰੰਭਤਾ ਦੀ ਅਰਦਾਸ ਕੀਤੀ ਗਈ।
ਇਸਦੇ ਉਪਰੰਤ ਮਹਾਨ ਨਗਰ ਕੀਰਤਨ ਆਰੰਭ ਹੋਇਆ।ਬਾਰਾਤ ਰੂਪੀ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਕੱਢਿਆ ਗਿਆ।ਨਗਰ ਕੀਰਤਨ ਦੇ ਤਲਵੰਡੀ ਪੁਲ, ਖਾਲਸਾ ਮਾਰਬਲ ਹਾਊਸ, ਅਕਾਲ ਗਲੈਕਸੀ ਗਰੁੱਪ, ਪਿੰਡ ਮੇਵਾ ਸਿੰਘ ਵਾਲਾ, ਮੰਗੂਪੁਰ, ਖੇੜਾ ਬੇਟ, ਤਲਵੰਡੀ ਚੌਧਰੀਆਂ, ਫੱਤੂਧੀਂਗਾ ਪਹੁੰਚਣ ‘ਤੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਕੀਤੀ।
ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੇ ਅੱਗੇ-ਅੱਗੇ ਸ਼ਰਧਾਲੂਆਂ ਦਾ ਜੱਥਾ ਰਾਸਤੇ ਦੀ ਸਫਾਈ ਕਰ ਰਿਹਾ ਸੀ।ਇਸਦੇ ਨਾਲ ਹੀ ਹੈਲੀਕਾਪਟਰਾਂ ਨਾਲ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ, ਜੋ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਸੀ।ਨਾਲ ਹੀ ਫੌਜੀ ਬੈਂਡ ਧਾਰਮਿਕ ਧੁਨਾਂ ਨਾਲ ਨਗਰ ਕੀਰਤਨ ਦੀ ਰੌਣਕ ਵਧਾ ਰਿਹਾ ਸੀ।ਪਾਲਕੀ ਸਾਹਿਬ ‘ਚ ਸ਼ੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਹਜ਼ਾਰਾਂ ਦੀ ਗਿਣਤੀ ‘ਚ ਸੰਗਤ ਨੇ ਪ੍ਰਸ਼ਾਦ ਗ੍ਰਹਿਣ ਕੀਤਾ।