ਸੰਗਰੂਰ ਜ਼ਿੰਮਣੀ ਚੋਣਾਂ ‘ਚ ਸਾਰੀਆਂ ਸਿਆਸੀ ਪਾਰਟੀਆਂ ਆਪਣੇ-ਆਪਣੇ ਦਾਅ ਖੇਡ ਰਹੀਆਂ ਹਨ। ਉੱਧਰ ਆਮ ਆਦਮੀ ਪਾਰਟੀ ਵੱਲੋਂ ਵੀ ਜ਼ੋਰਾਂ-ਸ਼ੋਰਾਂ ‘ਤੇ ਪ੍ਰਚਾਰ ਜਾਰੀ ਹੈ। ਦੋ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਸੰਗਰੂਰ ਜ਼ਿੰਮਣੀ ਚੋਣਾਂ ‘ਚ ਆਪਣੀ ਪਾਰਟੀ ਦਾ ਪ੍ਰਚਾਰ ਕਰ ਰਹੇ ਹਨ। ਇਸੇ ਵਿਚਾਲੇ ਪ੍ਰੋ-ਪੰਜਾਬ ਟੀ.ਵੀ. ਦੇ ਪੱਤਰਕਾਰ ਵਿਕਰਮ ਸਿੰਘ ਕੰਬੋਜ ਵੱਲੋਂ ਆਮ ਆਦਮੀ ਪਾਰਟੀ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਸੰਗਰੂਰ ਜ਼ਿੰਮਣੀ ਚੋਣਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ। ਗੱਲਬਾਤ ਦੌਰਾਨ ਉਨ੍ਹਾਂ ਜਿਥੇ ਆਮ ਆਦਮੀ ਪਾਰਟੀ ਦੀ ਜਿੱਤ ਦਾ ਦਾਅਵਾ ਕੀਤਾ, ਉਥੇ ਹੀ ਉਨ੍ਹਾਂ ਵਿਰੋਧੀ ਪਾਰਟੀਆਂ ਦੇ ਆਗੂਆਂ ‘ਤੇ ਸਿਆਸੀ ਹਮਲੇ ਵੀ ਕੀਤੇ।
ਵਿਰੋਧੀ ਧਿਰਾਂ ਕਾਂਗਰਸ ਤੇ ਸੁਖਬੀਰ ਬਾਦਲ ਦੀ ਬਿਆਨਬਾਜ਼ੀ ਕਿ ਪੰਜਾਬ ‘ਚ ਕ੍ਰਾਈਮ ਬਹੁਤ ਵੱਧ ਗਿਆ ਹੈ। ਆਮ ਆਦਮੀ ਪਾਰਟੀ ਨੂੰ ਇਸ ਵਾਰ ਸੰਗਰੂਰ ਜ਼ਿੰਮਣੀ ਚੋਣਾਂ ‘ਚ ਨੁਕਸਾਨ ਉਠਾਉਣਾ ਪੈ ਸਕਦਾ ਹੈ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਅਜਿਹਾ ਕੁਝ ਨਹੀਂ ਹੈ। ਸੰਗਰੂਰ ਤੇ ਧੂਰੀ ਦੇ ਲੋਕਾਂ ਦਾ ਸਾਨੂੰ ਪਹਿਲਾਂ ਵੀ ਬਹੁਤ ਪਿਆਰ ਮਿਲਦਾ ਆਇਆ ਹੈ ਤੇ ਹੁਣ ਵੀ ਮਿਲ ਰਿਹਾ ਹੈ। ਸੁਖਬੀਰ ਬਾਦਲ ਆਪਣੀ ਪ੍ਰਵਾਹ ਕਰਨ ਸਾਡੇ ਵੱਲ ਜ਼ਿਆਦਾ ਧਿਆਣ ਨਾ ਦੇਣ ਤੇ ਸਾਨੂੰ ਵੀ ਹੁਣ ਸੁਖਬੀਰ ਦੀਆਂ ਗੱਲਾਂ ਵੱਲ ਜ਼ਿਆਦਾ ਧਿਆਣ ਨਹੀਂ ਦੇਣਾ ਚਾਹੀਦਾ।
ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ਬਿਆਨ ਕਿ ਸੁਖਬੀਰ ਬਾਦਲ ਦੇ ਸੁੱਖ ਵਿਲਾਸ ਦੀਆਂ ਵੀ ਫਾਇਲਾਂ ਸਾਡੇ ਕੋਲ ਹਨ ‘ਜਲਦ ਕਾਰਵਾਈ ਕਰਾਂਗੇ’, ‘ਤੇ ਸੁਖਬੀਰ ਦੀ ਪ੍ਰਤੀਕਿਰਿਆ ਕਿ ‘ਤੁਸੀਂ ਜੋ ਮਰਜ਼ੀ ਕਰਲੋ’ ਸਾਨੂੰ ਪਰਵਾਹ ਨਹੀਂ, ਦਾ ਤੰਜ ‘ਚ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਇਹ ਸਭ ਕੁਝ ਇਸ ਲਈ ਕਹਿ ਰਹੇ ਹਨ, ਸ਼ਾਇਦ ਉਨ੍ਹਾਂ ਨੂੰ ਹਾਲੇ ਵੀ ਲਗਦਾ ਹੈ ਕਿ ਉਨ੍ਹਾਂ ਦੇ ‘ਚਾਚੇ’ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਪਰ ਅਜਿਹਾ ਨਹੀਂ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਤੇ ਹੁਣ ਕਾਨੂੰਨੀ ਤੌਰ ‘ਤੇ ਹੀ ਕਾਰਵਾਈਆਂ ਹੋਇਆ ਕਰਨਗੀਆਂ। ਜਲਦ ਇਸ ਗੱਲ ਦਾ ਪਤਾ ਸੁਖਬੀਰ ਬਾਦਲ ਨੂੰ ਵੀ ਲੱਗ ਜਾਵੇਗਾ।
ਬੰਦੀ ਸਿੰਘਾਂ ਦੀ ਰਿਹਾਈ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਅੱਜ ਜੋ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੂੰ ਬੰਦੀ ਬਣਾਉਣ ਵਾਲੀਆਂ ਵੀ ਇਹੋ ਸਰਕਾਰਾਂ ਹਨ। ਉਨ੍ਹਾਂ ਕਿਹਾ ਕਿ ਸੁਮੇਧ ਸੈਣੀ ਨੂੰ ਇਨ੍ਹਾਂ ਨੇ ਹੀ ਲਗਾਇਆ ਸੀ ਤੇ ਇਨ੍ਹਾਂ ਪਾਰਟੀਆਂ ਦੇ ਸਤਾਏ ਹੋਏ ਹੀ ਉਹ ਬੰਦੀ ਹੋਏ ਹਨ। ਅਕਾਲੀ ਦਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬਾਦਲਾਂ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਨ, ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਡੀ ਸਰਕਾਰ ਕੋਲੋਂ ਜੋ ਵੀ ਕਾਨੂੰਨੀ ਤੌਰ ‘ਤੇ ਹੋ ਸਕਿਆ ਉਹ ਅਸੀਂ ਜ਼ਰੂਰ ਕਰਾਂਗੇ।
ਪੰਜਾਬ ‘ਚ ਚੱਲ ਰਹੀ ਗੈਂਗਵਾਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਗੈਂਗਸਟਰ ਅਕਾਲੀ, ਕਾਂਗਰਸੀਆਂ ਦੇ ਹੀ ਪੈਦਾ ਕੀਤੇ ਹੋਏ ਹਨ। ਅਕਾਲੀਆਂ ਨੇ ਬੂਟੇ ਲਾਏ ਹਨ ਤੇ ਕਾਂਗਰਸੀਆਂ ਨੇ ਇਨ੍ਹਾਂ ਨੂੰ ਪਾਣੀ ਲਾਇਆ ਹੈ, ਤਾਂ ਹੀ ਇਹ ਅੱਜ ਇੱਡੇ ਵੱਡੇ ਹੋ ਗਏ ਹਨ। ਇਨ੍ਹਾਂ ਨੂੰ ਵੱਡਣ ਲਈ ਥੋੜਾ ਜਿਹਾ ਟਾਇਮ ਤਾਂ ਜ਼ਰੂਰ ਲੱਗੇਗਾ। ਧਾਲੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਨੂੰ ਹਾਲੇ 3 ਮਹੀਨੇ ਹੀ ਹੋਏ ਹਨ। ਇਨ੍ਹਾਂ ਗੈਂਗਸਟਰਾਂ ਨੂੰ ਨਥ ਪਾਉਣ ਲਈ ਸਾਡੀ ਸਰਕਾਰ ਨੂੰ ਥੋੜਾ ਜਿਹਾ ਟਾਇਮ ਹੋਰ ਲੱਗ ਸਕਦਾ ਹੈ।
ਕਾਂਗਰਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਤਿੰਨ ਪੀੜ੍ਹੀਆ ਤੋਂ ਰਾਜ ਕਰ ਰਹੀ ਹੈ ਪਰ ਕੁਝ ਵੀ ਸੁਧਾਰ ਨਹੀਂ ਹੋਇਆ। ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅੱਜ ਵੀ ਉਸੇ ਤਰ੍ਹਾਂ ਹੀ ਹੈ। ਲੋਕਾਂ ਕੋਲ ਅੱਜ ਵੀ ਨਾ ਸੌਣ ਲਈ ਘਰ ਹੈ, ਨਾ ਬਿਜਲੀ ਤੇ ਨਾ ਪਾਣੀ। ਲੋਕ ਹਾਲੇ ਵੀ ਬੁਨਿਆਦੀ ਜ਼ਰੂਰਤਾਂ ਲਈ ਤਰਸ ਰਹੇ ਹਨ, ਕਾਂਗਰਸ ਨੇ ਕੀਤਾ ਹੀ ਕੀ ਹੈ।