ਪੰਜਾਬ ਦੇ ਲੋਕਾਂ ਦੀ ਆਵਾਜ਼ ਜੇਕਰ ਸੋਨੀਆ ਗਾਂਧੀ ਤੇ ਰਾਹੁਲ ਨੇ ਦਬਾਈ ਤਾਂ 2022 ਵਿਚ ਕਾਂਗਰਸ ਦਾ ਰਾਜ ਖੁੱਸ ਜਾਵੇਗਾ। ਸਮੇਂ ਦੀ ਅਵਾਜ਼ ਸਿੱਧੂ ਵੱਲ ਇਸ਼ਾਰਾ ਕਰ ਰਹੀ ਹੈ ਅਤੇ ਜਲਦ ਹੀ ਕੇਂਦਰ ਨੂੰ ਉਨ੍ਹਾਂ ਦੀ ਪ੍ਰਧਾਨਗੀ ਤੇ ਮੋਹਰ ਲਾ ਦੇਣੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਦਨ ਲਾਲ ਜਲਾਲਪੁਰ ਨੇ ਕੀਤਾ ਜਲਾਲਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ।
ਉਹਨਾਂ ਅੱਗੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਦਾ ਉਨ੍ਹਾਂ ਨੂੰ ਫੋਨ ਆਇਆ ਸੀ ਅਤੇ ਉਨ੍ਹਾਂ ਮੇਰੇ ਘਰ ਚਾਹ ਪੀਣ ਦੀ ਇੱਛਾ ਪ੍ਰਗਟ ਕੀਤੀ ਸੀ ਅਤੇ ਕਾਂਗਰਸੀ ਹੋਣ ਦੇ ਨਾਤੇ ਮੇਰੇ ਘਰ ਦੇ ਦਰਵਾਜ਼ੇ ਸਾਰੇ ਹੀ ਕਾਂਗਰਸ ਦੇ ਲੀਡਰਾਂ ਲਈ ਖੁੱਲ੍ਹੇ ਹਨ। ਜਲਾਲਪੁਰ ਨੇ ਕਿਹਾ ਕਿ ਪਿੰਡ ਪਿੰਡ ਵਿਚ ਲੋਕਾਂ ਦੀ ਆਵਾਜ਼ ਸਿੱਧੂ ਦੇ ਹੱਕ ਵਿੱਚ ਬੋਲ ਰਹੀ ਹੈ ਅਤੇ ਪਾਰਟੀ ਹਾਈ ਕਮਾਂਡ ਨੂੰ ਲੋਕਾਂ ਦੀ ਆਵਾਜ਼ ਸੁਣਨੀ ਹੀ ਪਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ 2017 ਵਿਚ ਸਮਾਂ ਕੈਪਟਨ ਦੇ ਨਾਲ ਸੀ ਹੁਣ ਸਮਾਂ ਸਿੱਧੂ ਵੱਲ ਇਸ਼ਾਰੇ ਕਰ ਰਿਹਾ ਹੈ।
ਕੈਪਟਨ ਪਰਿਵਾਰ ਦੇ ਘਰਾਣੇ ਦੀ ਤਾਰੀਫ਼ ਕਰਦਿਆਂ ਜਲਾਲਪੁਰ ਨੇ ਦੱਸਿਆ ਕਿ ਕੈਪਟਨ ਮੇਰੇ ਸਤਿਕਾਰਯੋਗ ਹਨ ਅਤੇ ਦੁਨੀਆਂ ਭਰ ਵਿੱਚ ਉਨ੍ਹਾਂ ਦੇ ਘਰਾਣੇ ਦਾ ਨਾਂ ਚੱਲਦਾ ਹੈ ਉਨ੍ਹਾਂ ਨੂੰ ਦਿਲ ਵੱਡਾ ਕਰਕੇ ਗਲੇ ਲਾਉਣਾ ਚਾਹੀਦਾ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਬੁਰਾ ਭਲਾ ਕਹਿੰਦੇ ਸਨ ਅਤੇ ਹੁਣ ਉਨ੍ਹਾਂ ਦੇ ਨਾਲ ਘਿਓ ਖਿਚੜੀ ਹੋ ਰਹੇ ਹਨ। ਸਮਝ ਨਹੀਂ ਆਉਂਦਾ ਕਿ ਇਹ ਕਿੱਦਾਂ ਦੀ ਗੰਧਲੀ ਸਿਆਸਤ ਹੋ ਰਹੀ ਹੈ। ਅਜਿਹੇ ਲੀਡਰ ਸਾਡੀ ਕਾਂਗਰਸ ਦਾ ਨੁਕਸਾਨ ਕਰ ਰਹੇ ਹਨ। ਇਸ ਮੌਕੇ ਐਮਐਲਏ ਸੁਖਜਿੰਦਰ ਸਿੰਘ ਰੰਧਾਵਾ, ਨਿਰਮਲ ਸਿੰਘ ਸ਼ਤਰਾਣਾ, ਦਰਸ਼ਨ ਸਿੰਘ ਬਰਾੜ ਹਾਜ਼ਰ ਸਨ।