ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਹੋਈ ਬੇਅਦਬੀ ਨੂੰ ਮੰਦਭਾਗਾ ਦੱਸਦਿਆਂ ਪੰਥ ਦੇ ਨਾਮ ਇੱਕ ਅਹਿਮ ਸੰਦੇਸ਼ ਜਾਰੀ ਕੀਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਸਿੱਖ ਪੰਥ ਨੂੰ ਹਰ ਪਾਸਿਓਂ ਵਿਚਾਰਧਾਰਕ ਅਤੇ ਸਰੀਰਕ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਵੀ ਇਸੇ ਚੁਣੌਤੀਪੂਰਨ ਵਰਤਾਰੇ ਦਾ ਹਿੱਸਾ ਹਨ। ਸਾਡਾ ਵਿਰਸਾ ਬਹੁਤ ਕੀਮਤੀ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਧਾਰਮਿਕ ਸੰਸਥਾਵਾਂ ‘ਤੇ ਹੋ ਰਹੇ ਹਮਲਿਆਂ ਦੇ ਪਿੱਛੇ ਦੀ ਮਾਨਸਿਕਤਾ ਨੂੰ ਸਮਝਣ ਦੀ ਲੋੜ ਹੈ। ਜੇਕਰ ਸਾਡੀਆਂ ਸੰਸਥਾਵਾਂ ਦੀ ਹੋਂਦ ਹੀ ਖ਼ਤਰੇ ਵਿੱਚ ਹੈ ਤਾਂ ਸਾਡਾ ਅਧਿਆਤਮਕ ਅਤੇ ਰਾਜਨੀਤਿਕ ਸੰਕਲਪ ਸੁਰੱਖਿਅਤ ਨਹੀਂ ਰਹੇਗਾ।
ਉਨ੍ਹਾਂ ਸਮੂਹ ਸਿੱਖ ਜਥੇਬੰਦੀਆਂ, ਸਿਆਸੀ ਪਾਰਟੀਆਂ, ਧਾਰਮਿਕ, ਸਮਾਜਿਕ ਅਤੇ ਵਿਦਿਅਕ ਸੰਸਥਾਵਾਂ ਅਤੇ ਸੰਪਰਦਾਵਾਂ ਨੂੰ ਮੌਜੂਦਾ ਸੰਪਰਦਾਇਕ ਸਥਿਤੀ ਦੇ ਮੱਦੇਨਜ਼ਰ ਸਾਰੇ ਸਿਆਸੀ, ਵਿਚਾਰਧਾਰਕ ਅਤੇ ਨਿੱਜੀ ਮਤਭੇਦਾਂ ਨੂੰ ਪਾਸੇ ਰੱਖ ਕੇ ਇੱਕ ਖ਼ਾਲਸਾਈ ਨਿਸ਼ਾਨ ਸਾਹਿਬ ਹੇਠ ਆਉਣ ਦੀ ਅਪੀਲ ਕੀਤੀ।