ਪੰਜਾਬ ਦੇ ਮੁੱਖ ਮੰਤਰੀ ਬਣਨ ਮਗਰੋਂ ਚਰਨਜੀਤ ਚੰਨੀ ਉਪ ਮੁੱਖ ਮੰਤਰੀਆਂ ਤੇ ਵਿਧਾਇਕਾਂ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ਼ ਕੀਤੀ ਗਈ | ਚਰਨਜੀਤ ਚੰਨੀ ਨੇ ਕਿਹਾ ਹਰ ਧਰਮ ਦਾ ਸਤਿਕਾਰ ਹੋਵੇਗਾ ਤੇ ਰਾਜ ਧਰਮ ਮੁਤਾਬਕ ਚੱਲੇਗਾ। ਚੰਨੀ ਨੇ ਇਹ ਵੀ ਦਾਅਵਾ ਕੀਤਾ ਕਿ ਗੁਰੂ ਸਾਹਿਬ ਦੀ ਬੇਅਦਬੀ ਮਾਮਲੇ ‘ਚ ਇਨਸਾਫ਼ ਦਿਵਾਇਆ ਜਾਵੇਗਾ।ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਗੁਰੂ ਦੀ ਕਿਰਪਾ ਹੈ। ਸਾਡੇ ਸੀਐਮ ਨੇ ਲੋਕ ਮੁੱਦਿਆਂ ਦੀ ਸਿਆਸਤ ਕੀਤੀ। ਉਨ੍ਹਾਂ ਕਿਹਾ ਅਜੇ ਦੋ ਹੀ ਦਿਨ ਹੋਏ ਹਨ ਪਰ ਚੰਨੀ ਨਾਲ ਰਹਿ ਕੇ ਮਾਣ ਮਹਿਸੂਸ ਹੋ ਰਿਹਾ ਹੈ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਰਬਾਰ ਸਾਹਿਬ ਨਤਮਸਤਕ ਹੋਣ ਉਪਰੰਤ ਜਲ੍ਹਿਆਂਵਾਲਾ ਬਾਗ ਪੁੱਜੇ, ਉਨਾਂ ਨਾਲ ਨਵਜੋਤ ਸਿੱਧੂ ਤੇ ਦੋਵੇਂ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਤੇ ਓਪੀ ਸੋਨੀ ਵੀ ਸਨ।
ਕਾਂਗਰਸ ਦੇ ਵਿਧਾਇਕਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦ ਮੌਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਸਾਰਿਆਂ ਨੇ ਆਖਿਆ ਕਿ ਪੰਜਾਬ ਦੀ ਚੜਦੀ ਕਲਾ ਲਈ ਅੱਜ ਮੁੱਖ ਮੰਤਰੀ ਅਰਦਾਸ ਕਰਨ ਪੁੱਜੇ ਹਨ। ਕਾਂਗਰਸੀ ਵਿਧਾਇਕਾਂ ਨੇ ਕਿਹਾ ਕਿ ਚੰਨੀ ਨੇ ਪਿਛਲੇ ਦੋ ਦਿਨਾਂ ‘ਚ ਐਕਟਿਵ ਰਹਿ ਕੇ ਦੱਸ ਦਿੱਤਾ ਹੈ ਕਿ ਕਾਂਗਰਸ ਇਨਾਂ ਚਾਰ ਮਹੀਨਿਆਂ ‘ਚ ਲੋਕ ਭਲਾਈ ਦੇ ਕੰਮ ਕਰਨ ਲਈ ਦਿਨ ਰਾਤ ਇਕ ਕਰੇਗੀ।ਡਾ. ਰਾਜਕੁਮਾਰ ਵੇਰਕਾ, ਨਵਤੇਜ ਸਿੰਘ ਚੀਮਾ, ਸੁਖਪਾਲ ਸਿੰਘ ਭੁੱਲਰ ਆਦਿ ਵਿਧਾਇਕਾਂ ਨੇ ਅਕਾਲੀ ਦਲ ਵੱਲੋਂ ਚੰਨੀ ਦੇ ਸੀਐਮ ਬਣਨ ‘ਤੇ ਕਾਂਗਰਸ ਪਾਰਟੀ ‘ਤੇ ਫਿਰਕਾਪ੍ਰਸਤੀ ਦੇ ਲਾਏ ਦੋਸ਼ਾਂ ‘ਤੇ ਕਿਹਾ ਕਿ ਅਕਾਲੀ ਦਲ ਤਾਂ ਕਿਸੇ ਦਲਿਤ ਨੂੰ ਡਿਪਟੀ ਸੀਐਮ ਬਣਾਉਣ ਦੀ ਗੱਲ ਆਖਦਾ ਰਿਹੈ ਪਰ ਕਾਂਗਰਸ ਹਾਈਕਮਾਂਡ ਨੇ ਕਰ ਕੇ ਦਿਖਾ ਦਿੱਤਾ ਤੇ ਹੁਣ ਅਕਾਲੀ ਦਲ ਨੂੰ ਭੱਜਣ ਲਈ ਜਗਾ ਨਹੀਂ ਲੱਭ ਰਹੀ।