ਚੰਡੀਗੜ – 23 ਜੂਨ ਨੂੰ ਹੋਣ ਵਾਲੀ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪੰਜਾਬ ਦੀਆਂ ਪਾਰਟੀਆਂ ਨੇ ਆਪੋ-ਆਪਣੀ ਜ਼ੋਰ ਅਜ਼ਮਾਇਸ਼ ਕਰਨੀ ਸ਼ੁਰੂ ਕਰ ਦਿੱਤੀ ਹੈ । ਮਿਲੀ ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਨੇ ਚੋਣ ਪ੍ਰਚਾਰ ਲਈ ਆਪਣੇ ਛੇ ਕੈਬਨਿਟ ਮੰਤਰੀ ਨਿਯੁਕਤ ਕਰ ਦਿੱਤੇ ਹਨ ,ਜਿਨਾ ਚ ਕੁਲਦੀਪ ਸਿੰਘ ਧਾਲੀਵਾਲ,ਮੀਤ ਹੇਅਰ,ਬ੍ਰਹਮ ਸ਼ੰਕਰ ਜ਼ਿੰਪਾ,ਡਾ ਬਲਜੀਤ ਕੌਰ,ਹਰਭਜਨ ਸਿੰਘ ਈਟੀਉ,ਲਾਲਜੀਤ ਸਿੰਘ ਭੁੱਲਰ ਨੂੰ ਸੰਗਰੂਰ ਸੰਸਦੀ ਹਲਕੇ ਚ ਆਂਉਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਚ ਚੋਣ ਪ੍ਰਚਾਰ ਲਈ ਨਿਯੁਕਤ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਇਨਾ ਮੰਤਰੀਆਂ ਨੇ ਆਪੋ-ਆਪਣੇ ਹਲਕਿਆਂ ‘ਚ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ।
ਭਗਵੰਤ ਮਾਨ ਨੇ 2019 ਵਿੱਚ ਇਹ ਲੋਕ ਸਭਾ ਸੀਟ 1.10 ਲੱਖ ਵੋਟਾਂ ਦੇ ਫਰਕ ਨਾਲ ਜਿੱਤੀ ਸੀ ।
ਮੰਤਰੀ ਹਲਕੇ ਵਿੱਚ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ, ਜਿਸ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਤੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੀ ਸਫਲਤਾ ਬਾਰੇ ਚਾਨਣਾ ਪਾਇਆ ਜਾ ਰਿਹਾ ਹੈ।ਸੰਗਰੂਰ ਸੰਸਦੀ ਸੀਟ ਅਧੀਨ ਆਉਂਦੇ ਵਿਧਾਨ ਸਭਾ ਹਲਕਿਆਂ ਦੀ ਨੁਮਾਇੰਦਗੀ ਕਰਨ ਵਾਲੇ ਮੁੱਖ ਮੰਤਰੀ ਸਮੇਤ ਤਿੰਨ ਮੰਤਰੀਆਂ ਵਾਲੀ ਸਰਕਾਰ ਲਈ ਸੀਟ ਬਰਕਰਾਰ ਰੱਖਣ ਦੀ ਲੜਾਈ ਵੱਕਾਰ ਦਾ ਵਿਸ਼ਾ ਹੈ।ਵਿਧਾਨ ਸਭਾ ਚੋਣਾਂ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਹੋਰ ਸਿਆਸੀ ਪਾਰਟੀਆਂ ਇਸ ਪੋਲ ਰਾਹੀਂ ਆਪਣੀ ਸਥਿਤੀ ਦਾ ਫਾਇਦਾ ਚੁੱਕਣ ‘ਤੇ ਵਿਚਾਰ ਕਰ ਰਹੀਆਂ ਹਨ।
ਇਹ ਜਿਕਰਯੋਗ ਹੈ ਕਿ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਣੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ( ਅੰਮਿ੍ਤਸਰ ) ਵਲੋਂ ਸਿਮਰਨਜੀਤ ਸਿੰਘ ਮਾਨ,
ਸ਼੍ਰੋਮਣੀ ਅਕਾਲੀ ਦਲ (ਬਾਦਲ),ਬਸਪਾ ਗਠਜੋੜ ਤੇ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ,
ਕਾਂਗਰਸ ਪਾਰਟੀ ਵਲੋਂ ਨੌਜੁਆਨ ਆਗੂ ਦਲਬੀਰ ਸਿੰਘ ਗੋਲਡੀ ,
ਆਮ ਆਦਮੀ ਪਾਰਟੀ ਨੇ ਗੁਰਮੇਲ ਸਿੰਘ ਸਰਪੰਚ ਨੂੰ ਚੁਣਿਆ ਹੈ,
ਭਾਜਪਾ ਚ ਨਵੇਂ ਸ਼ਾਮਲ ਹੋਏ ਕੇਵਲ ਸਿੰਘ ਢਿੱਲੋਂ ਮੈਦਾਨ ਚ ਉਤਰੇ ਹਨ ।