ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਵਿਰੋਧੀ ਧਿਰਾਂ ਦੇ ਰੌਲੇ ਰੱਪੇ ਤੋਂ ਰਾਜ ਸਭਾ ਦੇ ਚੇਅਰਮੈਨ ਐੱਮ. ਵੈਂਕਈਆ ਨਾਇਡੂ ਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਕਾਫੀ ਪ੍ਰੇਸ਼ਾਨ ਤੇ ਦੁਖੀ ਹਨ। ਸ੍ਰੀ ਨਾਇਡੂ ਨੇ ਮੰਗਲਵਾਰ ਦੀਆਂ ਸਦਨ ਵਿਚਲੀਆਂ ਘਟਨਾਵਾਂ ‘ਤੇ ਦੁਖ ਜ਼ਾਹਰ ਕਰਦਿਆਂ ਭਾਵੁਕ ਹੁੰਦਿਆਂ ਕਿਹਾ ਕਿ ਲੋਕਤੰਤਰ ਦੇ ਸਰਵਉੱਚ ਮੰਦਰ ਦੀ ਪਵਿੱਤਰਤਾ ਦੀ ਭੰਗ ਕੀਤੀ ਗਈ ਹੈ। ਅੱਜ ਜਿਵੇਂ ਹੀ ਉਪਰਲੇ ਸਦਨ ਦੀ ਬੈਠਕ ਸ਼ੁਰੂ ਹੋਈ ਚੇਅਰਮੈਨ ਨੇ ਕੱਲ੍ਹ ਦੀ ਘਟਨਾ ‘ਤੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਉਹ ਇਸ ਕਾਰਨ ਸੌਂ ਨਹੀਂ ਸਕੇ ਕਿਉਂਕਿ ਲੋਕਤੰਤਰ ਦੇ ਸਰਵਉੱਚ ਮੰਦਰ ਦੀ ਪਵਿੱਤਰਤਾ ਭੰਗ ਹੋ ਗਈ। ਇਸ ਦੌਰਾਨ ਅੱਜ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਅੱਤਲ ਕਰਨ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਸਦਨ ਦੀ ਕਾਰਵਾਈ ਸਹੀ ਢੰਗ ਨਾਲ ਚੱਲਣ ਕਾਰਨ ਉਹ ਬਹੁਤ ਨਿਰਾਸ਼ ਤੇ ਦੁਖੀ ਹਨ। ਵਿਰੋਧੀ ਮੈਂਬਰਾਂ ਵੱਲੋਂ ਸਦਨ ਦੇ ਵਿਚ ਆ ਕੇ ਨਾਅਰੇਬਾਜ਼ੀ ਕਰਨ ਤੇ ਤਖ਼ਤੀਆਂ ਦਿਖਾਉਣੀਆਂ ਸਦਨ ਦੀ ਮਰਿਆਦਾ ਤੇ ਪ੍ਰੰਪਰਾ ਦੇ ਖ਼ਿਲਾਫ਼ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਨਵੇਂ ਸੰਸਦ ਭਵਨ ਦੀ ਇਮਾਰਤ ਅਗਲੇ ਸਾਲ 15 ਅਗਸਤ ਤੋਂ ਪਹਿਲਾਂ ਮੁਕੰਮਲ ਹੋ ਜਾਵੇਗੀ।