ਟੋਕੀਓ ਵਿੱਚ ਉਲੰਪਿਕ ਖੇਡ ਕੇ ਆਈ ਹਲਕਾ ਲੰਬੀ ਦੇ ਪਿੰਡ ਕਬਰਵਾਲਾ ਦੀ ਕਮਲਪ੍ਰੀਤ ਕੌਰ ਦੇ ਘਰ ਐਤਵਾਰ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪੁੱਜੇ। ਇਸ ਮੌਕੇ ਉਨ੍ਹਾਂ ਕਮਲਪ੍ਰੀਤ ਕੌਰ ਅਤੇ ਉਸਦੀ ਕੋਚ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਅਤੇ ਕਮਲਪ੍ਰੀਤ ਨੂੰ ਖੇਡ ਪ੍ਰਤੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਮੌਕੇ ‘ਤੇ ਆਪਣੇ ਫ਼ੰਡ ਵਿੱਚੋਂ ਖਿਡਾਰਨ ਨੂੰ 10 ਲੱਖ ਰੁਪਏ ਨਗਦ ਰਾਸ਼ੀ ਜਿੰਮ ਅਤੇ ਸਿਹਤ ਖੁਰਾਕ ਲਈ ਦਿੱਤੇ।
ਕਮਲਜੀਤ ਕੌਰ ਨੂੰ ਸਨਮਾਨਤ ਕਰਨ ਉਪਰੰਤ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਪਰਿਵਾਰ ਨਾਲ ਖੁਸ਼ੀ ਦਾ ਪ੍ਰਗਟਾਵਾ ਕੀਤਾ, ਜਿਨ੍ਹਾਂ ਦੀ ਧੀ ਨੇ ਡਿਸਕਸ ਥ੍ਰੋ ਵਿੱਚ ਭਾਵੇਂ ਤਮਗਾ ਤਾਂ ਨਹੀਂ ਜਿੱਤਿਆ ਪਰ 6ਵੇਂ ਸਥਾਨ ‘ਤੇ ਰਹਿ ਕੇ ਦੇਸ਼ ਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਬਚਾਉਣ ਲਈ ਨਾਕਾਮ ਸਾਬਤ ਹੋਈ ਹੈ ਅਤੇ ਅਕਾਲੀ ਸਰਕਾਰ ਸਮੇਂ ਬਣਾਏ ਖੇਡ ਮੈਦਾਨ ਬੰਦ ਕਰ ਦਿੱਤੇ ਹਨ, ਪਰੰਤੂ ਹੁਣ ਦੁਬਾਰਾ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਲਈ ਨੌਜਵਾਨਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ।