ਮਨੋਹਰ ਲਾਲ ਖੱਟਰ ਅੱਜ ਚੰਡੀਗੜ੍ਹ ਪਹੁੰਚੇ ਸੀ ਜਿੱਥੇ ਉਨ੍ਹਾਂ ਦੇ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ | ਇਸ ਮੌਕੇ ਖੱਟਰ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ‘ਤੇ ਨਿਸ਼ਾਨੇ ਸਾਧੇ ਗਏ | ਖੱਟਰ ਨੇ ਕਿਹਾ ਕਿ ਹਰਿਆਣਾ ਵਿੱਚ ਜੋ ਕੁਝ ਹੋ ਰਿਹਾ ਹੈ, ਉਸ ਵਿੱਚ ਪੰਜਾਬ ਦਾ ਹੱਥ ਹੈ। ਜੇ ਅਜਿਹਾ ਨਾ ਹੁੰਦਾ ਤਾਂ ਕਿਸਾਨ ਆਗੂ ਰਾਜੇਵਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੱਡੂ ਨਾ ਖੁਆਉਂਦਾ।ਉਨ੍ਹਾਂ ਕਿਹਾ ਕਿ ਅੰਦੋਲਨ ਦੇ ਨਾਂ ‘ਤੇ ਜੋ ਹੋ ਰਿਹਾ ਹੈ, ਉਸ ਲਈ ਹਰਿਆਣਾ ਨੂੰ ਗਲਤ ਚੁਣਿਆ ਗਿਆ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਗੰਨੇ ਦੇ ਭਾਅ ਵਧਾਉਣ ਦੇ ਐਲਾਨ ਪਿੱਛੋਂ ਰਾਜੇਵਾਲ ਨੇ ਕੈਪਟਨ ਦਾ ਮੂੰਹ ਮਿੱਠ ਕਰਵਾਇਆ ਸੀ, ਜਿਸ ਨੂੰ ਲੈ ਕੇ ਸੀਐਮ ਖੱਟਰ ਨੇ ਕਿਹਾ ਹੈ ਕਿ ਹਰਿਆਣਾ ਵਿਚ ਜੋ ਕੁਝ ਹੋ ਰਿਹਾ ਹੈ, ਉਹ ਪੰਜਾਬ ਵੱਲੋਂ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਰਨਾਲ ਵਿਚ ਜੋ ਘਟਨਾ ਵਾਪਰੀ, ਤੁਸੀਂ ਵੀਡੀਓ ਅਤੇ ਆਡੀਓ ਵੇਖੀ ਹੈ, ਮੈਂ ਵੀ ਵੇਖੀ ਹੈ। ਕਰਨਾਲ ਵਿੱਚ ਸਾਡੀ ਇੱਕ ਪਾਰਟੀ ਮੀਟਿੰਗ ਸੀ, ਪਰ ਇੱਕ ਦਿਨ ਪਹਿਲਾਂ ਕੁਝ ਲੋਕਾਂ ਨੇ ਯੋਜਨਾ ਬਣਾਈ ਸੀ ਕਿ ਇਨ੍ਹਾਂ ਪ੍ਰੋਗਰਾਮਾਂ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸਾਡੇ ਪ੍ਰੋਗਰਾਮ ਦਾ ਵਿਰੋਧ ਕਰਨ ਦਾ ਕੋਈ ਅਧਿਕਾਰ ਨਹੀਂ ਹੈ।ਐਸਡੀਐਮ ਵੱਲੋਂ ਕਿਸਾਨਾਂ ਦੇ ਸਿਰ ਪਾੜਨ ਵਾਲੇ ਹੁਕਮਾਂ ਉਤੇ ਉਨ੍ਹਾਂ ਕਿਹਾ ਕਿ ਮੈਂ ਅਫਸਰ ਦਾ ਵੀਡੀਓ ਵੇਖਿਆ ਹੈ, ਇਹ ਸ਼ਬਦ ਅਧਿਕਾਰੀ ਦੁਆਰਾ ਨਹੀਂ ਬੋਲੇ ਜਾਣੇ ਚਾਹੀਦੇ ਸਨ। ਸ਼ਬਦਾਂ ਦੀ ਚੋਣ ਸਹੀ ਨਹੀਂ ਸੀ, ਪਰ ਸਖਤੀ ਨਹੀਂ ਹੋਣੀ ਚਾਹੀਦੀ, ਅਜਿਹਾ ਵੀ ਨਹੀਂ ਹੈ। ਉਸ ਅਫਸਰ ਉਤੇ ਕਾਰਵਾਈ ਹੋਵੇਗੀ ਜਾਂ ਨਹੀਂ, ਇਹ ਪ੍ਰਸ਼ਾਸਨ ਦੇਖੇਗਾ।