ਪੰਜਾਬ ‘ਚ ਕੋਰੋਨਾ ਪਾਬੰਦੀਆਂ ਦੀ ਉਲੰਘਣਾ ਕਰਦਿਆਂ ਫ਼ਿਲਮ ਸ਼ੂਟਿੰਗ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਰੂਪਨਗਰ ਦੇ ਮੋਰਿੰਡਾ ਦੀ ਸ਼ੂਗਰ ਮਿੱਲ ‘ਚ ਸ਼ੂਟਿੰਗ ਕਰਨ ਪਹੁੰਚੀ ਪੰਜਾਬੀ ਅਦਾਕਾਰਾ ਉਪਾਸਨਾ ਸਿੰਘ ਵਿਵਾਦਾਂ ‘ਚ ਘਿਰ ਗਈ ਹੈ। ਉਹ ਇੱਥੇ ਆਪਣੀ ਆਉਣ ਵਾਲੀ ਫ਼ਿਲਮ ਦੀ ਕਾਸਟ ਨਾਲ ਸ਼ੂਟਿੰਗ ਕਰਨ ਪਹੁੰਚੀ ਸੀ। ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗਾ ਤਾਂ ਮੌਕੇ ‘ਤੇ ਪਹੁੰਚੀ ਪੁਲਸ ਟੀਮ ਨੇ ਅਦਾਕਾਰਾ ਉਪਾਸਨਾ ਸਿੰਘ ਦੀ ਕਾਸਟ ‘ਫ਼ਿਲਮ ਸ਼ੂਟਿੰਗ’ ਦੀ ਮਨਜ਼ੂਰੀ ਨਹੀਂ ਦਿਖਾ ਸਕੀ। ਪੁਲਸ ਮੁਲਾਜ਼ਮ ਮੌਕੇ ਦੀ ਵੀਡੀਓ ਬਣਾ ਕੇ ਲੈ ਗਏ ਹਨ। ਪੁਲਸ ਨੇ ਹਾਲੇ ਤੱਕ ਅੱਗੇ ਦੀ ਕਾਰਵਾਈ ਨੂੰ ਲੈ ਕੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ।
ਦੱਸ ਦੇਈਏ ਕਿ ਪੰਜਾਬ ‘ਚ ਕੋਵਿਡ ਨਿਯਮਾਂ ਦੀ ਉਲੰਘਣਾ ਕਰਕੇ ਫ਼ਿਲਮ ਸ਼ੂਟ ਕਰਨ ਦਾ ਇਹ ਪਿਛਲੇ ਕੁਝ ਦਿਨਾਂ ‘ਚ ਤੀਜਾ ਮਾਮਲਾ ਹੈ। ਇਸ ਤੋਂ ਪਹਿਲਾਂ ਲੁਧਿਆਣਾ ‘ਚ ਪੰਜਾਬੀ ਤੇ ਬਾਲੀਵੁੱਡ ਅਦਾਕਾਰ ਜਿੰਮੀ ਸ਼ੇਰਗਿੱਲ ਨੂੰ ਬਿਨਾਂ ਮਨਜ਼ੂਰੀ ਵੈੱਬ ਸੀਰੀਜ਼ ਸ਼ੂਟ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਕੇਸ ਵੀ ਦਰਜ ਕਰ ਕੀਤਾ ਗਿਆ ਸੀ।
ਇਸ ਤੋਂ ਇਲਾਵਾ 2 ਦਿਨ ਪਹਿਲਾਂ ਹੀ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਪਟਿਆਲਾ ਦੇ ਬੂਨੜ ‘ਚ ਸ਼ੂਟਿੰਗ ਕਰਦੇ ਫੜ੍ਹੇ ਗਏ ਸਨ। ਪੁਲਸ ਨੇ ਨਿਯਮਾਂ ਦੀ ਉਲੰਘਣਾ ਦੇ ਮਾਮਲੇ ‘ਚ ਉਨ੍ਹਾਂ ਸਮੇਤ 100 ਲੋਕਾਂ ‘ਤੇ ਕੇਸ ਦਰਜ ਕੀਤਾ। ਹਾਲਾਂਕਿ ਬਾਅਦ ‘ਚ ਉਨ੍ਹਾਂ ਨੂੰ ਜ਼ਮਾਨਤ ‘ਤੇ ਛੱਡ ਦਿੱਤਾ ਗਿਆ ਸੀ।