ਜੇਲ੍ਹ ‘ਚੋਂ ਚੱਲ ਰਹੇ ਗੈਂਗਸਟਰਾਂ, ਮੋਬਾਈਲਾਂ ਦੀ ਬਰਾਮਦਗੀ, ਨਸ਼ਿਆਂ ਦੇ ਮੱਦੇਨਜ਼ਰ ਸਰਕਾਰ ਵੱਡੇ ਬਦਲਾਅ ਕਰਨ ਜਾ ਰਹੀ ਹੈ। ਨਵੀਂ ਨੀਤੀ ਤਹਿਤ ਪੰਜਾਬ ਦੀਆਂ ਜੇਲ੍ਹਾਂ ਵਿੱਚ ਪਹਿਲੀ ਵਾਰ ਖੁਫ਼ੀਆ ਅਧਿਕਾਰੀ ਤਾਇਨਾਤ ਕੀਤੇ ਜਾਣਗੇ। ਜੇਕਰ ਜੈਮਰ ਖਰਾਬ ਪਾਇਆ ਗਿਆ ਤਾਂ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਦਿਨ ਵਿੱਚ ਦੋ ਵਾਰ ਗੈਂਗਸਟਰਾਂ ਅਤੇ ਅੱਤਵਾਦੀਆਂ ਦੀਆਂ ਬੈਰਕਾਂ ਦੀ ਚੈਕਿੰਗ ਕੀਤੀ ਜਾਵੇਗੀ। ਹਾਰਡ ਕੋਰ ਅੱਤਵਾਦੀਆਂ, ਗੈਂਗਸਟਰਾਂ ਨੂੰ ਅਲੱਗ ਰੱਖਿਆ ਜਾਵੇਗਾ।
ਇੱਕ ਦੀ ਥਾਂ 3 ਵਾਰਡਨ ਬੈਰਕਾਂ ਵਿੱਚ ਤਾਇਨਾਤ ਕੀਤੇ ਜਾਣਗੇ। ਜੇਕਰ ਲੋੜ ਪਈ ਤਾਂ ਨਵੀਆਂ ਬੈਰਕਾਂ ਬਣਾਈਆਂ ਜਾਣਗੀਆਂ। ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਿਹਾ, ਗੈਂਗਸਟਰ ਹੁਣ ਜੇਲ੍ਹਾਂ ਵਿੱਚੋਂ ਨਹੀਂ ਚੱਲ ਸਕਣਗੇ। ਇਸ ਸਬੰਧੀ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਗਈ ਹੈ। ਜੇਲ੍ਹਾਂ ਵਿੱਚ ਜੈਮਰ ਲਗਾ ਕੇ ਨਿਗਰਾਨੀ ਰੱਖੀ ਜਾਵੇਗੀ। ਊਣਤਾਈਆਂ ਦੀ ਸੂਰਤ ਵਿੱਚ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਸਰਕਾਰ 5200 ਜੇਲ੍ਹ ਵਾਰਡਨ ਦੀ ਭਰਤੀ ਕਰੇਗੀ। ਇਸ ਸਬੰਧੀ ਜਲਦੀ ਹੀ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ। ਭਰਤੀ ਪ੍ਰਕਿਰਿਆ ਪੂਰੀ ਹੋਣ ‘ਤੇ ਕਮਾਂਡੋ ਟਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਫੌਜ ਦੀ ਤਰ੍ਹਾਂ ਜੇਲ ਸਟਾਫ ਦਾ ਹਰ ਕਰਮਚਾਰੀ ਕਿਸੇ ਵੀ ਸਥਿਤੀ ਨਾਲ ਨਜਿੱਠ ਸਕੇ। ਕੈਦੀਆਂ ਦੇ ਪੈਰੋਲ ‘ਤੇ ਜਾਣ ਦੇ ਨਿਯਮਾਂ ‘ਚ ਸੋਧ ਕੀਤੀ ਜਾਵੇਗੀ।