ਪਿਛਲੇ ਦੋ ਸਾਲਾਂ ਤੋਂ ਦੇਸ਼ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ।ਇਸ ਕੋਰੋਨਾ ਮਹਾਮਾਰੀ ਕਾਰਨ ਕਈ ਲੋਕਾਂ ਦੀ ਜਾਨ ਵੀ ਚਲੀ ਗਈ। ਵੱਧ ਤੋਂ ਵੱਧ ਲੋਕਾਂ ਨੂੰ ਟੀਕੇ ਦੀ ਦੂਜੀ ਖੁਰਾਕ ਲਗਾਉਣ ਦੇ ਮੱਦੇਨਜ਼ਰ, ਪੰਜਾਬ ਸਰਕਾਰ ਨੇ ਸਾਰੇ ਕੋਵਿਡ ਟੀਕਾਕਰਨ ਕੇਂਦਰਾਂ ਵਿੱਚ ਦੂਜੀ ਖੁਰਾਕ ਲਗਾਉਣ ਲਈ ਹਰ ਐਤਵਾਰ ਦਾ ਦਿਨ ਨਿਰਧਾਰਤ ਕੀਤਾ ਹੈ।
ਇੱਥੇ ਵੇਰਵੇ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਜਾ ਰਹੇ ਯਤਨਾਂ ਸਦਕਾ ਸੂਬੇ ਲਈ ਕੋਵਿਡ ਟੀਕੇ ਦੀ ਸਪਲਾਈ ਵਿੱਚ ਤੇਜ਼ੀ ਆਈ ਹੈ।
ਹਾਲਾਂਕਿ, ਟੀਕਾਕਰਨ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਕੋਵਿਡ-19 ਟੀਕਾਕਰਨ ਜਾਂ ਲਾਭਪਾਤਰੀਆਂ ਨੂੰ ਦੂਜੀ ਖੁਰਾਕ ਦੇਣ ਦੇ ਮੱਦੇਨਜ਼ਰ ਸਾਰੇ ਸਰਕਾਰੀ ਕੋਵਿਡ ਟੀਕਾਕਰਨ ਕੇਂਦਰਾਂ ਵਿੱਚ ਹਰ ਐਤਵਾਰ ਨੂੰ ਕੋਵਿਡ ਟੀਕਾਕਰਨ ਸੈਸ਼ਨ ਲਈ ਨਿਰਧਾਰਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਟੀਕੇ ਦੀ ਪਹਿਲੀ ਅਤੇ ਦੂਜੀ ਖੁਰਾਕ ਲਈ ਆਮ ਟੀਕਾਕਰਨ ਸੈਸ਼ਨ ਐਤਵਾਰ ਨੂੰ ਛੱਡ ਕੇ ਹਫ਼ਤੇ ਦੇ ਬਾਕੀ ਦਿਨਾਂ ਦੌਰਾਨ ਇੱਕੋ ਜਿਹੇ ਰਹਿਣਗੇ।
ਸੂਬੇ ਵਿੱਚ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਬਾਰੇ ਬੋਲਦਿਆਂ ਸ. ਸਿੱਧੂ ਨੇ ਦੱਸਿਆ ਕਿ 31 ਅਗਸਤ ਤੱਕ 1,36,70,847 ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ ਅਤੇ ਇਨ੍ਹਾਂ ਵਿੱਚੋਂ 32,89,210 ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਾਈਆਂ ਗਈਆਂ ਹਨ ਅਤੇ 1,03,81,637 ਨੂੰ ਟੀਕੇ ਦੀ ਪਹਿਲੀ ਖੁਰਾਕ ਲੱਗੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਝਿਜਕ ਦੇ ਟੀਕਾ ਲਗਵਾਉਣ।