ਪੰਜਾਬ ਅਤੇ ਹੋਰ ਸੂਬਿਆਂ ‘ਚ 2022 ਵਿਧਾਨ ਸਭਾ ਚੋਣਾਂ ਨੇੜੇ ਹਨ, ਚੋਣ ਕਮਿਸ਼ਨ ਨੇ ਚੋਣਾਂ ਦਾ ਬਿਗੁੱਲ ਬਜਾ ਦਿੱਤਾ ਗਿਆ ਹੈ ਅਤੇ ਚੋਣ ਜਾਬਤਾ ਵੀ ਲੱਗ ਗਿਆ ਹੈ। ਪੰਜਾਬ ‘ਚ ਵਿਧਾਨ ਸਭਾ ਚੋਣਾਂ ਦੇ ਚੱਲਦੇ ਪੰਜਾਬ ਦਾ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ ਅਤੇ ਸਾਰੀਆਂ ਸਿਆਸੀ ਪਾਰਟੀਆਂ ਆਪਣੇ-ਆਪਣੇ ਉਮੀਦਵਾਰ ਐਲਾਨ ਰਹੀਆਂ ਹਨ। ਅਜਿਹੇ ‘ਚ ਸਮਾਜ ਸੇਵੀ ਲੱਖਾ ਸਿਧਾਣਾ ਜੋ ਕਿ ਕਿਸਾਨੀ ਅੰਦੋਲਨ ‘ਚ ਕਾਫੀ ਐਕਟਿਵ ਨਜ਼ਰ ਆਏ ਸਨ ਹੁਣ ਉਨ੍ਹਾਂ ਚੋਣਾਂ ‘ਚ ਉਤਰਨ ਦੀ ਤਿਆਰੀ ਵੀ ਕਰ ਲਈ ਹੈ। ਉਨ੍ਹਾਂ ਕਿਸਾਨਾਂ ਦੀ ਪਾਰਟੀ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਵੱਜੋਂ ਚੋਣਾਂ ‘ਚ ਉਤਰਨ ਦਾ ਫੈਸਲਾ ਕੀਤਾ ਹੈ। ਅੱਜ ਪ੍ਰੋ-ਪੰਜਾਬ ਦੇ ਪੱਤਰਕਾਰ ਵਿਕਰਮ ਕੰਬੋਜ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੀ ਪਾਰਟੀ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਵਜੋਂ ਮੋੜ ਤੋਂ ਚੋਣ ਲੜਣਗੇ।
ਉਨ੍ਹਾਂ ਕਿਹਾ ਕਿ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨਾਲ ਮੇਰੀ ਗੱਲ ਹੋਈ ਹੈ ਅਤੇ ਆਉਣ ਵਾਲੀ 15-16 ਤਾਰੀਕ ਤੱਕ ਸਾਰੇ ਉਮੀਦਵਾਰਾਂ ਦਾ ਐਲਾਨ ਵੀ ਹੋ ਜਾਵੇਗਾ। ਆਮ ਆਦਮੀ ਪਾਰਟੀ ਦਾ ਵੋਟ ਬੈਂਕ ਤੋੜਣ ਲਈ ਮੋੜ ਤੋਂ ਚੋਣਾਂ ਲੜਣ ਦੀ ਗੱਲ ਦਾ ਜਵਾਬ ਦਿੰਦਿਆਂ ਉਨ੍ਹਾਂ ‘ਆਪ’ ਨੂੰ ਘੇਰਦੇ ਹੋਏ ਕਿਹਾ ਕਿ ਪਾਰਟੀ ਦੇ ਵੱਡੇ ਆਗੂ ਜਿਵੇਂ ਕਿ ਰਾਘਵ ਚੱਢਾ, ਭਗਵੰਤ ਮਾਨ ਜਾਂ ਕੇਜਰੀਵਾਲ ਮੇਰੇ ਕੁਝ ਸਵਾਲਾਂ ਦਾ ਜਵਾਬ ਦੇ ਦੇਣ ਮੈਂ ਚੋਣ ਹੀ ਨਹੀਂ ਲੜਾਂਗਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ ਹਮੇਸ਼ਾਂ ਦਿੱਲੀ ਮਾਡਲ ਦੀ ਗੱਲ ਕੀਤੀ ਜਾਂਦੀ ਹੈ ਪਰ ਪੰਜਾਬ ‘ਚ ਦਿੱਲੀ ਮਾਡਲ ਕਾਮਯਾਬ ਹੀ ਨਹੀਂ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮਸਲੇ ਅਰਥ ਵਿਵਸਥਾ ਨਾਲ ਜੁੜੇ ਹੋਏ ਹਨ ਜਿਵੇਂ ਕਿ ਸਕੂਲ, ਹੈਲਥ ਵਿਵਸਥਾ ਅਤੇ ਬਿਜਲੀ ਆਦਿ ਪਰ ਪੰਜਾਬ ਦੇ ਮਸਲੇ ਬਿਲਕੁੱਲ ਵੱਖ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਸਲੇ ਆਰਥਿਕ ਦੇ ਨਾਲ-ਨਾਲ ਸਮਾਜਿਕ, ਧਾਰਮਿਕ ਅਤੇ ਭੁਗੋਲਿਕ ਵੀ ਹਨ। ਪੰਜਾਬ ‘ਚ ਦਿੱਲੀ ਮਾਡਲ ਨਹੀਂ ਚੱਲ ਸਕਦਾ, ਇਥੇ ਤਾਂ ਪੰਜਾਬ ਮਾਡਲ ਦੀ ਲੋੜ ਹੈ। ਇਸਦੇ ਨਾਲ ਪੰਜਾਬ ਦੇ ਪਾਣੀ ਦੇ ਮਸਲੇ ‘ਤੇ ਵੀ ਉਨ੍ਹਾਂ ਕੇਜਰੀਵਾਲ ‘ਤੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਪੰਜਾਬ ਦਿੱਲੀ ਨੂੰ ਫ੍ਰੀ ਪਾਣੀ ਦੇ ਰਿਹਾ ਹੈ ਅਤੇ ਪੰਜਾਬ ਦੇ ਪਾਣੀ ਦਾ ਪੰਜਾਬ ਨੂੰ ਕੀ ਪੈਸਾ ਨਹੀਂ ਮਿਲਣਾ ਚਾਹੀਦਾ? ਇਸ ‘ਤੇ ਕੇਜਰੀਵਾਲ ਦਾ ਕੀ ਸਟੈਂਡ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਮਾੜਾ ਦੱਸ ਰਹੀ ਹੈ ਪਰ ਤੁਹਾਨੂੰ ਵੀ ਤਾਂ ਪੰਜਾਬ ਦੇ ਲੋਕਾਂ ਨੂੰ ਰੋਡ-ਮੈਪ ਦੇਣ ਦੀ ਲੋੜ ਹੈ ਜਿਸ ਨਾਲ ਪੰਜਾਬ ਦੇ ਲੋਕ ਤੁਹਾਡੇ ‘ਤੇ ਵਿਸ਼ਵਾਸ਼ ਕਰ ਸਕਣ ਤੁਸੀਂ ਵੀ ਤਾਂ ਫ੍ਰੀ-ਫ੍ਰੀ ਕਹਿ ਕੇ ਪੰਜਾਬ ਦੇ ਭੋਲੇ ਲੋਕਾਂ ਨੂੰ ਭਰਮਾ ਰਹੇ ਹੋ।
ਇਸਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਲੈ ਕੇ ਉਨ੍ਹਾਂ ਦਾ ਇਕ ਵੱਡਾ ਬਿਆਨ ਦੇਖਣ ਨੂੰ ਮਿਲਿਆ ਹੈ ਉਨਾਂ ਕਿਹਾ ਕਿ ਕੇਜਰੀਵਾਲ ਕਦੇ ਵੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਨਹੀਂ ਬਣਨ ਦੇਵੇਗਾ ਜੇਕਰ ਸਿਆਸੀ ਲਾਹਾ ਲੈਣ ਲਈ ਉਸਨੂੰ ਸੀ.ਐਮ. ਦਾ ਚਿਹਰਾ ਐਲਾਨ ਵੀ ਦਿੱਤਾ ਜਾਂਦਾ ਹੈ ਪਰ ਫਿਰ ਵੀ ਕੇਜਰੀਵਾਲ ਉਸਨੂੰ ਮੁੱਖ ਮੰਤਰੀ ਨਹੀਂ ਬਣਾਉਣਗੇ। ਉਨ੍ਹਾਂ ਕਿਹਾ ਕੇਜਰੀਵਾਲ ਬਾਰ-ਬਾਰ ਇਕ ਮੌਕਾ ਕੇਜਰੀਵਾਲ ਨੂੰ ਕਹਿ ਕੇ ਪ੍ਰਚਾਰ ਕਰ ਰਹੇ ਹਨ ਇਸ ਤੋਂ ਇਹ ਸਪਸ਼ਟ ਹੁੰਦਾ ਹੈ, ਨਹੀਂ ਤਾਂ ਉਹ ਇਕ ਮੌਕਾ ਆਮ ਆਦਮੀ ਪਾਰਟੀ ਜਾਂ ਇਕ ਮੌਕਾ ਭਗਵੰਤ ਮਾਨ ਨੂੰ ਕਹਿੰਦੇ ਨਜ਼ਰ ਆਉਂਦੇ।
ਨਵਜੋਤ ਸਿੱਧੂ ਦੇ ਪੰਜਾਬ ਮਾਡਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਵੀ ਪੰਜਾਬ ਮਾਡਲ ਨਹੀਂ ਹੈ। ਪੰਜਾਬ ਮਾਡਲ ‘ਚ ਪੰਜਾਬ ਦੇ ਪਾਣੀ, ਰਾਜਧਾਨੀ, ਪੰਜਾਬੀ ਬੋਲਦੇ ਇਲਾਕੇ ਅਤੇ ਡੈਮਾਂ ਦੇ ਪ੍ਰਬੰਧ ਦੀ ਗੱਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅਤੇ ਰਾਜਸਥਾਨ ਨੂੰ ਫ੍ਰੀ ਪਾਣੀ ਦਿੱਤਾ ਜਾ ਰਿਹਾ ਹੈ ਕਿ ਰਾਜਸਥਾਨ ਜਾਂ ਦਿੱਲੀ ਪੰਜਾਬ ਨੂੰ ਕੁਝ ਫ੍ਰੀ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੀ ਸਿਆਸੀ ਪਾਰਟੀਆਂ ਵੱਖ-ਵੱਖ ਸੂਬਿਆਂ ‘ਚ ਜਾ ਕੇ ਸਿਆਸੀ ਲਾਹਾ ਲੈਣ ਲਈ ਉਸ ਸੂਬੇ ਦੇ ਹੱਕ ‘ਚ ਗੱਲ ਕਰ ਆਉਂਦੀਆਂ ਹਨ।