2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਕਾਂਗਰਸ ਤੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੱਡਾ ਬਿਆਨ ਦਿੱਤਾ। ਪ੍ਰਤਾਪ ਬਾਜਵਾ ਨੇ ਕਿਹਾ ਕਿ ਇਸ ਵਾਰ ਮੈਂ ਹਰ ਹਾਲ ‘ਚ ਵਿਧਾਨ ਸਭਾ ਚੋਣ ਲੜਾਂਗਾ ਤੇ ਇਸ ਬਾਰੇ ਹਾਈਕਮਾਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਬਾਜਵਾ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਦੇ ਆਖਰੀ ਫੇਜ਼ ‘ਚ ਪੰਜਾਬ ਦੇ ਲੋਕਾਂ ਦੀ ਮਦਦ ਕਰਨਾ ਚਾਹੂੰਦਾ ਹਾਂ। ਦਿੱਲੀ ‘ਚ ਬੈਠ ਕੇ ਮੈਂ ਹਰ ਮੁੱਦੇ ‘ਤੇ ਆਪਣੇ ਪੰਜਾਬ ਲਈ ਲੜਾਈ ਲੜੀ ਤੇ ਹੁਣ ਸਮਾਂ ਸੰਜੀਦਾ ਲੀਡਰਸ਼ਿਪ ਦੇ ਸੂਬੇ ‘ਚ ਆਉਣ ਦਾ ਹੈ। ਬੇਅਦਬੀਆਂ ਬਾਰੇ ਬੋਲਦਿਆ ਪ੍ਰਤਾਪ ਬਾਜਵਾ ਨੇ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਪੰਜਾਬ ਤੋਂ ਬਾਹਰ ਨਹੀਂ ਜਾਣੇ ਚਾਹੀਦੇ ਇਹ ਸਾਡਾ ਚੋਣਾਂ ‘ਚ ਜਨਤਾ ਨਾਲ ਵਾਅਦਾ ਸੀ । ਇਸਦੇ ਨਾਲ ਹੀ ਬਾਜਵਾ ਨੇ ਨਵੀਂ ਸਿੱਟ ਨੂੰ ਲੈ ਕੇ ਵੀ ਸਵਾਲ ਚੁੱਕੇ। ਬਾਜਵਾ ਨੇ ਕਿਹਾ ਕਿ ਸਾਡੇ ਸਭ ਦੇ ਜ਼ਹਿਨ ‘ਚ ਸਵਾਲ ਹੈ ਕਿ ਨਵੀਂ ਸਿੱਟ ਕਦੋਂ ਬਣੇਗੀ। ਸਿੱਟ ਦੇ ਮੈਂਬਰ ਕੌਣ ਹੋਣਗੇ, ਸਿੱਟ ਦੀ ਦੇਖ-ਰੇਖ ਕੌਣ ਕਰੇਗਾ? ਬਾਜਵਾ ਨੇ ਮੰਗ ਕੀਤੀ ਕਿ ਨਵੀਂ ਸਿੱਟ ਇੱਕ ਮਹੀਨੇ ‘ਚ ਆਪਣਾ ਕੰਮ ਪੂਰਾ ਕਰੇ ਤੇ ਫਰੀਦਕੋਟ ਅਦਾਲਤ ‘ਚ ਚਲਾਨ ਪੇਸ਼ ਕਰੇ ਤੇ ਜਿੰਨਾ ਨੇ ਗੋਲੀਆਂ ਚਲਵਾਈਆਂ ਤੇ ਗੋਲੀਆਂ ਚਲਾਉਣ ਦੇ ਹੁਕਮ ਦਿੱਤੇ ਸੀ ਉਨਾਂ ਖਿਲਾਫ਼ ਸਰਕਾਰ ਕਾਰਵਾਈ ਕਰੇ। ਉਹਨਾਂ ਕਿਹਾ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਦੋਸ਼ੀਆਂ ਨੂੰ ਸਜ਼ਾ ਮਿਲੇ ਤੇ ਪੀੜਤਾਂ ਨੂੰ ਇਨਸਾਫ਼ ਮਿਲੇ। ਪ੍ਰਤਾਪ ਬਾਜਵਾ ਨੇ ਕਿਹਾ ਕਿ ਬੇਅਦਬੀ ‘ਚ ਇਨਸਾਫ਼ ਨਾ ਮਿਲਆ ਤਾਂ ਪੰਜਾਬ ਕਾਂਗਰਸ ਦੀ ਰਾਹ ਮੁਸ਼ਕਿਲ ਹੋਵੇਗੀ।2022 ਦੀਆਂ ਚੋਣਾਂ ਵੀ ਨੇੜੇ ਆ ਰਹੀਆਂ ਨੇ ਅਜਿਹੇ ‘ਚ ਜੇ ਬੇਅਦਬੀ ਦੇ ਦੋਸ਼ੀਆਂ ਨੂੰ ਫੜ ਕੇ ਜੇਲ੍ਹ ‘ਚ ਨਾ ਡੱਕਿਆ ਤਾਂ ਕਾਂਗਰਸੀ ਵਿਧਾਇਕਾਂ ਦਾ ਚੋਣ ਲੜਨਾ ਮੁਸ਼ਲਿਕ ਹੋ ਜਾਵੇਗਾ । ਪ੍ਰਤਾਪ ਬਾਜਵਾ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ, ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਸਣੇ ਕਈ ਕਾਂਗਰਸੀ ਆਗੂ ਮੁੱਖ ਮੰਤਰੀ ਨੂੰ ਸਲਾਹ ਦੇ ਚੁੱਕੇ ਹਨ ਕਿ ਦੋਸ਼ੀਆਂ ਖਿਲਾਫ਼ ਕਰਵਾਈ ਕਰੋ ਨਹੀਂ ਤਾਂ 2022 ਦੀਆਂ ਚੋਣਾਂ ਦੌਰਾਨ ਲੋਕਾਂ ਨੇ ਸਾਨੂੰ ਪਿੰਡਾਂ ‘ਚ ਨਹੀਂ ਵੜਨ ਦੇਣਾ। ਲੋਕਾਂ ਨੇ ਅਜਿਹੇ ਸਵਾਲ ਕਰਨਗੇ ਜਿੰਨਾ ਦਾ ਸਾਡੇ ਕੋਲ ਕੋਈ ਜਵਾਬ ਨਹੀਂ।