ਦੇਸ਼ ਵਿਚ ਲਗਾਤਾਰ ਮਹਿੰਗਾਈ ਦੀ ਮਾਰ ਜਾਰੀ ਹੈ। ਇਸੇ ਵਿਚਾਲੇ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਣ ਵਾਲਾ ਹੈ। ਜੇਕਰ ਤੁਹਾਡੇ ਕੋਲ ਵਾਹਨ ਹੈ ਤਾਂ ਤੁਹਾਡੇ ਖਰਚੇ ਵਧਣ ਵਾਲੇ ਹਨ ਕਿਉਂਕਿ 1 ਜੂਨ ਤੋਂ ਥਰਡ ਪਾਰਟੀ ਮੋਟਰ ਇੰਸ਼ੋਰੈਂਸ ਦਾ ਪ੍ਰੀਮੀਅਮ ਵਧਣ ਵਾਲਾ ਹੈ। ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਕਿਉਂ ਹੋਵੇਗਾ ਮਹਿੰਗਾ ਥਰਡ ਪਾਰਟੀ ਮੋਟਰ ਬੀਮਾ?
ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਬੁੱਧਵਾਰ ਨੂੰ ਵਾਹਨਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਲਈ ਥਰਡ ਪਾਰਟੀ ਮੋਟਰ ਵਾਹਨ ਬੀਮੇ ਦੇ ਪ੍ਰੀਮੀਅਮ ਵਿੱਚ ਵਾਧਾ ਕੀਤਾ, ਜੋ 1 ਜੂਨ ਤੋਂ ਲਾਗੂ ਹੋਵੇਗਾ। ਇਸ ਕਾਰਨ ਕਾਰ ਤੇ ਦੋ ਪਹੀਆ ਵਾਹਨਾਂ ਦਾ ਬੀਮਾ ਮਹਿੰਗਾ ਹੋਣ ਵਾਲਾ ਹੈ।
‘ਥਰਡ ਪਾਰਟੀ’ ਪ੍ਰੀਮੀਅਮ ‘ਚ ਵਾਧਾ
ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਵੱਲੋਂ ਇਸ ਸਬੰਧੀ ਇੱਕ ਨੋਟੀਫਿਕੇਸ਼ਨ ਭੇਜਿਆ ਗਿਆ ਹੈ। ਨੋਟੀਫਿਕੇਸ਼ਨ ਵਿੱਚ ਸੋਧੀ ਹੋਈ ਦਰ ਅਨੁਸਾਰ, 1000 ਸੀਸੀ ਇੰਜਣ ਸਮਰੱਥਾ ਵਾਲੀਆਂ ਪ੍ਰਾਈਵੇਟ ਕਾਰਾਂ ਲਈ ਪ੍ਰੀਮੀਅਮ ਹੁਣ 2072 ਰੁਪਏ ਦੇ ਮੁਕਾਬਲੇ 2094 ਰੁਪਏ ਹੋਵੇਗਾ। 2072 ਰੁਪਏ ਦੀ ਪ੍ਰੀਮੀਅਮ ਦਰ ਸਾਲ 2019-20 ਦੇ ਅਨੁਸਾਰ ਸੀ।
ਜਾਣੋ ਕਿੰਨਾ ਵਧੇਗਾ ਇੰਸ਼ੋਰੈਂਸ ਪ੍ਰੀਮੀਅਮ
1000 ਤੋਂ 1500 ਸੀਸੀ ਇੰਜਣ ਵਾਲੀਆਂ ਪ੍ਰਾਈਵੇਟ ਕਾਰਾਂ ਲਈ ਹੁਣ ਪ੍ਰੀਮੀਅਮ 3221 ਰੁਪਏ ਦੀ ਬਜਾਏ 3416 ਰੁਪਏ ਹੋਵੇਗਾ। ਹਾਲਾਂਕਿ, 1500 ਸੀਸੀ ਤੋਂ ਉੱਪਰ ਦੀਆਂ ਪ੍ਰਾਈਵੇਟ ਕਾਰਾਂ ਲਈ ਥਰਡ ਪਾਰਟੀ ਇੰਸ਼ੋਰੈਂਸ ਪ੍ਰੀਮੀਅਮ ਵਿੱਚ ਮਾਮੂਲੀ ਕਟੌਤੀ ਕੀਤੀ ਗਈ ਹੈ ਤੇ ਇਹ 7897 ਰੁਪਏ ਤੋਂ ਘੱਟ ਕੇ 7890 ਰੁਪਏ ਹੋ ਜਾਵੇਗੀ। ਇਸੇ ਤਰ੍ਹਾਂ 150 ਤੋਂ 350 ਸੀਸੀ ਤੱਕ ਦੇ ਦੋ ਪਹੀਆ ਵਾਹਨਾਂ ਦਾ ਪ੍ਰੀਮੀਅਮ 1366 ਰੁਪਏ ਹੋਵੇਗਾ। ਜਦੋਂਕਿ 350 ਸੀਸੀ ਤੋਂ ਵੱਧ ਵਾਲੇ ਦੋ ਪਹੀਆ ਵਾਹਨਾਂ ਲਈ ਇਹ ਦਰ 2804 ਰੁਪਏ ਹੋਵੇਗੀ।