ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਔਰਤਾਂ ਲਈ ਮੁਫ਼ਤ ਬੱਸ ਸੇਵਾ 1 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਜਿਸ ਨਾਲ ਬੀਬੀਆਂ ਪੰਜਾਬ ਦੀਆਂ ਸਰਕਾਰੀ ਬੱਸਾਂ ‘ਚ ਮੁਫ਼ਤ ਯਾਤਰਾ ਕਰ ਸਕਣਗੀਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਡੀਓ ਕਾਨਫਰੰਸ ਰਾਹੀਂ ਇਸਦਾ ਉਦਘਾਟਨ ਕਰਨਗੇ। ਇਸ ਬਾਰੇ ਸਮਾਜਿਕ ਸੁਰੱਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਨੇ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਾਣਕਾਰੀ ਦਿੱਤੀ ਹੈ। ਇਸ ਪ੍ਰੋਗਰਾਮ ਲਈ ਵਿਭਾਗ ਵੱਲੋਂ ਢੁਕਵੇਂ ਸ਼ੈਡਿਊਲ ਦੀ ਯੋਜਨਾ ਬਣਾਈ ਗਈ ਹੈ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਖੇਤਰਾਂ ਵਿਚ ਢੁਕਵੇਂ ਪ੍ਰਬੰਧਾਂ ਨਾਲ ਇਸਦਾ ਪ੍ਰਸਾਰਣ ਕਰਨ ਲਈ ਕਿਹਾ ਗਿਆ ਹੈ। ਇਹ ਪ੍ਰੋਗਰਾਮ ਸਾਰੇ ਜ਼ਿਲ੍ਹਾ ਅਤੇ ਉਪ ਮੰਡਲ ਹੈੱਡਕੁਆਰਟਰਾਂ ਅਤੇ ਲਗਭਗ 1000 ਦਿਹਾਤੀ ਅਤੇ ਸ਼ਹਿਰੀ ਸਥਾਨਾਂ ‘ਤੇ ਇੱਕੋ ਸਮੇਂ ਪ੍ਰਸਾਰਿਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ ਵਰ੍ਹੇ 3 ਮਾਰਚ ਨੂੰ ਵੀ ਐਲਾਨ ਕੀਤਾ ਸੀ ਕਿ ਬੱਸਾਂ ‘ਚ ਔਰਤਾਂ ਦਾ ਅੱਧਾ ਕਿਰਾਇਆ ਮੁਆਫ ਹੋਵੇਗਾ। ਪਰ ਇਸਨੂੰ ਕੋਰੋਨਾ ਕਾਰਨ ਲਾਗੂ ਨਹੀਂ ਕੀਤਾ ਗਿਆ ਸੀ । ਹੁਣ ਦੁਬਾਰਾ ਪਿਛਲੇ ਦਿਨੀਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੈਪਟਨ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕਰਦਿਆਂ ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ ਔਰਤਾਂ ਦੇ ਮੁਫਤ ਸਫ਼ਰ ਕਰਨ ਦਾ ਐਲਾਨ ਕੀਤਾ ਸੀ।