10 ਪੋਹ 25 ਦਸੰਬਰ – ਸ਼ਹੀਦੀ ਬੀਬੀ ਹਰਸ਼ਰਨ ਕੌਰ 25 ਦਸੰਬਰ 10 ਪੋਹ – ਚਮੌਕਰ ਦੀ ਜੰਗ ਤੋਂ ਬਾਅਦ ਸਿੱਖਾਂ ਦੇ ਸ਼ਰੀਰ ਮੈਦਾਨ-ਏ-ਜੰਗ ਵਿੱਚ ਪਏ ਸਨ ਅਤੇ ਮੁਗਲਾਂ ਨੇ ਪੂਰੇ ਇਲਾਕੇ ਵਿੱਚ ਇਹ ਢੰਢੋਰਾ ਪਿਟਵਾ ਦਿੱਤਾ ਕਿ ਅਸੀਂ ਇਹ ਜੰਗ ਜਿੱਤ ਲਈ ਹੈ, ਅਸੀ ਗੁਰੂ ਗੋਬਿੰਦ ਸਿੰਘ ਨੂੰ ਮਾਰ ਦਿੱਤਾ ਹੈ ਅਸੀਂ ਉਸਦੇ ਪੁੱਤਰਾਂ ਅਤੇ ਸਾਰੇ ਸਿੱਖਾਂ ਨੂੰ ਵੀ ਮਾਰ ਦਿੱਤਾ ਹੈ ਅਤੇ ਨਾਲ ਹੀ ਇਹ ਹਿਦਾਇਤ ਕੀਤੀ ਕਿ ਕੋਈ ਵੀ ਉਹਨਾਂ ਕਾਫਰਾਂ ਦੀਆਂ ਲਾਸ਼ਾਂ ਨੂੰ ਹਥ ਨਹੀਂ ਲਾਏਗਾ, ਜੋ ਵੀ ਉਹਨਾਂ ਨਾਲ ਹਮਦਰਦੀ ਦਿਖਾਏਗਾ ਉਸਦਾ ਹਸ਼ਰ ਬੁਰਾ ਹੋਏਗਾ
ਇਹ ਗੱਲ ਜਦ ਇੱਕ ਸਿੱਖ ਪਰਿਵਾਰ ਦੀ ਮਾਤਾ ਜੀ ਨੇ ਸੁਣੀ, ਤਾਂ ਉਹ ਆਪਣੀ ਧੀ ਨਾਲ ਗੱਲਾਂ ਕਰਦੀ ਹੈ ਕਿ ਜੇ ਅੱਜ ਮੇਰਾ ਪਤੀ ਜੀਉਂਦਾ ਹੁੰਦਾ ਤਾਂ ਉਹ ਸਿੰਘਾਂ ਦੇ ਸ਼ਰੀਰਾਂ ਨੂੰ ਇਵੇ ਰੁਲਣ ਨਾ ਦਿੰਦਾ, ਇਹ ਗੱਲ ਸੁਣ ਕੇ ਉਸ ਦੀ ਧੀ ਕਹਿੰਦੀ ਹੈ ਕਿ ਮਾਤਾ ਜੀ, ਮੈਂ ਇਹ ਕਾਰਜ ਕਰਾਂਗੀ, ਮੈਂ ਵੀ ਤਾਂ ਤੇਰੇ ਪੁੱਤ ਹਾਂ, ਧੀ ਦੀ ਗੱਲ ਸੁਣ ਕੇ ਮਾਂ ਬਹੁਤ ਖੁਸ਼ ਹੋਈ ਤੇ ਮਾਤਾ ਜੀ ਨੇ ਆਪਣੀ ਧੀ ਨੂੰ ਸਾਰਾ ਕੁਝ ਸਮਝਾਇਆ ਕਿ ਅੰਤਿਮ ਸੰਸਕਾਰ ਕਿੰਝ ਕਰਨਾ ਹੈ, ਕਿੰਝ ਸਿੰਘਾਂ ਦੇ ਸ਼ਰੀਰਾਂ ਨੂੰ ਪਹਿਚਾਣਨਾ ਹੈ ।
ਬੀਬੀ ਹਰਸ਼ਰਨ ਕੌਰ ਰਾਤ ਦੇ ਹਨੇਰੇ ਵਿਚ ਪੋਲੇ ਪੈਰੀਂ ਯੁੱਧ ਦੇ ਮੈਦਾਨ ਵਿਚ ਪਹੁੰਚੀ। ਮੁਗ਼ਲ ਫ਼ੌਜ ਯੁੱਧ ਤੋਂ ਥੱਕ ਹਾਰ ਕੇ ਤੰਬੂਆਂ ਵਿਚ ਸੌਂ ਰਹੀ ਸੀ। ਬੀਬੀ ਨੇ ਪਛਾਣ ਕੇ ਸਾਹਿਬਜ਼ਾਦਿਆਂ ਅਤੇ ਸ਼ਹੀਦ ਸਿੰਘਾਂ ਦੇ ਸਰੀਰ ਇਕੱਠੇ ਕੀਤੇ। ਆਸ-ਪਾਸ ਤੋਂ ਜਿੰਨੀਆਂ ਵੀ ਲੱਕੜਾਂ ਇਕੱਠੀਆਂ ਕਰ ਸਕੀ ਕਰਕੇ ਇੱਕ ਥਾਂ ਢੇਰ ਲਾ ਲਿਆ। ਲੱਕੜਾਂ ਦੇ ਢੇਰ ‘ਤੇ ਸ਼ਹੀਦਾਂ ਦੇ ਸਰੀਰ ਚਿਣ ਕੇ ਅੱਗ ਲਾ ਦਿੱਤੀ।
ਅੱਗ ਦੇ ਮੱਚਦੇ ਭਾਂਬੜ ਦੇਖ ਕੇ ਮੁਗ਼ਲ ਫ਼ੌਜੀ ਹੈਰਾਨੀ ਵਿਚ ਉਠ ਖੜ੍ਹੇ ਹੋਏ। ਆਪਣੇ ਹਾਕਮਾਂ ਤੋਂ ਵੱਡੇ ਇਨਾਮ ਲੈਣ ਅਤੇ ਰੁਤਬੇ ਪ੍ਰਾਪਤ ਕਰਨ ਦੇ ਉਨ੍ਹਾਂ ਦੇ ਸੁਪਨੇ ਚਕਨਾਚੂਰ ਹੋ ਗਏ ਕਿਉਂਕਿ ਹਾਕਮਾਂ ਨੂੰ ਦਿਖਾਉਣ ਲਈ ਉਨ੍ਹਾਂ ਕੋਲ ਕੁੱਝ ਵੀ ਨਹੀਂ ਬਚਿਆ ਸੀ। ਅੱਗ ਦੀਆਂ ਲਾਟਾਂ ਦੇ ਚਾਨਣ ਵਿਚ ਉਨ੍ਹਾਂ ਨੇ ਦੇਖਿਆ ਕਿ ਬਲ ਰਹੀ ਅੱਗ ਦੇ ਨੇੜੇ ਇੱਕ ਇਸਤਰੀ ਹੱਥ ਵਿਚ ਬਰਛਾ ਲਈ ਖੜੀ ਸੀ ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ।
ਮੁਗ਼ਲ ਉਸ ਕੋਲ ਪਹੁੰਚੇ ਅਤੇ ਪੁੱਛਿਆ ਕਿ
– ਤੂੰ ਕੋਣ ਹੈ
– ਮੈਂ ਗੁਰੂ ਗੋਬਿੰਦ ਸਿੰਘ ਦੀ ਧੀ ਹਾਂ
– ਇਥੇ ਕੀ ਕਰ ਰਹੀ ਹੈ ?
– ਮੈਂ ਆਪਣੇ ਭਰਾਵਾਂ ਦਾ ਸੰਸਕਾਰ ਕਰ ਰਹੀ ਹਾਂ ।
– ਕੀ ਤੈਨੂੰ ਪਤਾ ਨਹੀਂ ਕਿ ਇਹ ਕਰਨਾ ਜੁਰਮ ਹੈ ?
– ਹਾਂ, ਮੈਂ ਜਾਣਦੀ ਹਾਂ
– ਤਾਂ ਫਿਰ ਤੂੰ ਬਾਦਸ਼ਾਹ ਦਾ ਹੁਕਮ ਕਿਉਂ ਨਹੀਂ ਮੰਨਿਆ ?
– ਕਿਉਕਿ ਮੈਂ ਦੁਨਿਆਵੀਂ ਬਾਦਸ਼ਾਹ ਨਹੀ ਬਲਕਿ ਸੱਚੇ ਪਾਤਿਸ਼ਾਹ ਦਾ ਹੁਕਮ ਮੰਨਦੀ ਹਾਂ
– ਕੀ ਮਤਲਬ ?
– ਮਤਲਬ ਮੈਂ ਜੋ ਕਰਨਾ ਸੀ ਉਹ ਕਰ ਦਿੱਤਾ ਹੈ
ਇਹ ਸੁਣਦੇ ਹੀ ਉਹਨਾਂ ਨੇ ਬੀਬੀ ਨੂੰ ਮਾਰਨ ਲਈ ਦੋੜੇ, ਤਾਂ ਬੀਬੀ ਨੇ ਵੀ ਆਪਣੀ ਕਿਰਪਾਨ ਨਾਲ ਮੁਕਾਬਲਾ ਕਰਨਾ ਸ਼ੁਰੂ ਕੀਤਾ । ਸਿੰਘਣੀ ਨੇ ਦਲੇਰੀ ਨਾਲ ਟਾਕਰਾ ਕੀਤਾ ਅਤੇ ਕੁੱਝ ਮੁਗਲ ਸੈਨਿਕ ਜਖਮੀ ਹੋਏ ਕੁਝ ਮਾਰੇ ਗਏ । ਆਖੀਰ ਗੁਰੂ ਦੀ ਧੀ ਜਖ਼ਮੀ ਹੋ ਗਈ ਤਾਂ ਸਿਪਾਹੀਆਂ ਨੇ ਬੀਬੀ ਜੀ ਨੂੰ ਬਲਦੀ ਚਿਖਾ ਚ ਸੁੱਟ ਕੇ ਸ਼ਾਹੀਦ ਕਰ ਦਿੱਤਾ ।
ਇਸ ਤਰ੍ਹਾਂ ਬੀਬੀ ਹਰਸ਼ਰਨ ਕੌਰ ਨੇ 10 ਪੋਹ ਨੂੰ ਸ਼ਹੀਦੀ ਪ੍ਰਾਪਤ ਕਰ ਲਈ। ਭਾਈ ਵੀਰ ਸਿੰਘ ਨੇ ‘ਕਲਗੀਧਰ ਚਮਤਕਾਰ’ ਦੇ ਪੰਜਵੇਂ ਪਾਠ ਵਿਚ ਬੀਬੀ ਦਾ ਨਾਮ ਸ਼ਰਨ ਕੌਰ ਲਿਖਿਆ ਹੈ। ਬੀਬੀ ਹਰਸ਼ਰਨ ਕੌਰ ਨੇ ਸਾਹਿਬਜ਼ਾਦਿਆਂ ਅਤੇ ਸ਼ਹੀਦ ਹੋਏ ਸਿੰਘਾਂ ਦਾ ਅੰਤਮ ਸਸਕਾਰ ਕਰਕੇ ਇੱਕ ਬਹਾਦਰੀ ਭਰਿਆ ਕਾਰਨਾਮਾ ਕਰ ਦਿਖਾਇਆ ਜੋ ਸਾਡੇ ਲਈ ਪ੍ਰੇਰਣਾਦਾਇਕ ਹੈ ।
ਬੀਬੀ ਹਰਸ਼ਰਨ ਕੌਰ ਜੀ ਦੀ ਸ਼ਹੀਦੀ ਨੂੰ ਲੱਖ ਲੱਖ ਪ੍ਰਣਾਮ ਹੈ