ਆਮ ਆਦਮੀ ਪਾਰਟੀ ਪੰਜਾਬ ਨੇ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ 100 ਦਿਨਾਂ ਦੇ ਸ਼ਾਸਨ ਕਾਲ ‘ਚ 100 ਫ਼ੈਸਲਿਆਂ ਨੂੰ ਸੂਬੇ ਦੀ ਜਨਤਾ ਨਾਲ ਸ਼ਰੇਆਮ ਧੋਖਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਧੋਖੇ-ਦਰ-ਧੋਖੇ ਦਾ ਕਰਾਰਾ ਜਵਾਬ ਪੰਜਾਬ ਦੇ ਲੋਕ 2022 ‘ਚ ਦੇਣ ਲਈ ਤਿਆਰ-ਬਰ-ਤਿਆਰ ਬੈਠੇ ਹਨ।
ਐਤਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ AAP ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਚੰਨੀ ਸਰਕਾਰ ਵੱਲੋਂ ਅੱਜ ਜਾਰੀ ਕੀਤੇ 100 ਫ਼ੈਸਲਿਆਂ ਵਾਲੇ ਇਸ਼ਤਿਹਾਰ ‘ਤੇ ਸਵਾਲ ਚੁੱਕਦਿਆਂ ਕਿਹਾ ਕਿ 100 ਵਿਚੋਂ ਸਿਰਫ਼ 25 ਫ਼ੈਸਲਿਆਂ ਦੇ ਨੋਟੀਫ਼ਿਕੇਸ਼ਨ ਦਾ ਵੇਰਵਾ ਸਰਕਾਰੀ ਇਸ਼ਤਿਹਾਰ ‘ਚ ਦਰਜ ਹੈ।
ਚੀਮਾ ਨੇ ਮੁੱਖ ਮੰਤਰੀ ਚੰਨੀ ਨੂੰ ਘੇਰਦਿਆਂ ਕਿਹਾ ਕਿ ਰੇਤ ਮਾਫ਼ੀਆ ਜਿਉਂ ਦਾ ਤਿਉਂ ਜਾਰੀ ਹੈ। ਆਮ ਆਦਮੀ ਨੂੰ ਇਸ ‘ਸ਼ਗੂਫ਼ੇ’ ਦਾ ਕੋਈ ਲਾਭ ਨਹੀਂ ਮਿਲਿਆ। 10 ਨਵੰਬਰ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਆਪਣੇ ਚਮਕੌਰ ਸਾਹਿਬ ਹਲਕੇ ‘ਚ ਜਾਰੀ ਰੇਤ ਮਾਫ਼ੀਆ ਦਾ ਪਰਦਾਫਾਸ਼ ਕਰ ਦਿੱਤਾ ਗਿਆ ਸੀ। ਇਸਤੋਂ ਇਲਾਵਾ ਵੀ ਮੀਡੀਆ ਨੇ ਰੇਤ ਮਾਫ਼ੀਆ ਉੱਤੇ ਫ਼ੋਟੋਆਂ, ਦਸਤਾਵੇਜ਼ਾਂ ਸਮੇਤ ਵੱਡੀਆਂ-ਵੱਡੀਆਂ ਰਿਪੋਰਟਾਂ ਨਸ਼ਰ ਕੀਤੀਆਂ ਇੱਥੋਂ ਤੱਕ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਚੰਨੀ ਸਰਕਾਰ ਦੇ ਇਸ ਦਾਅਵੇ ਦੀ ‘ਟਵੀਟ’ ਰਾਹੀਂ ਹਰ ਤੀਜੇ ਦਿਨ ਫ਼ੂਕ ਕੱਢ ਦਿੰਦੇ ਹਨ।