ਪੁਸ਼ਕਰ ਸਿੰਘ ਧਾਮੀ ਉਤਰਾਖੰਡ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਹਨ | ਇਸ ਦੌਰਾਨ ਉਨ੍ਹਾਂ ਵੱਲੋਂ ਉਤਰਾਖੰਡ ਦੇ 11ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਗਈ ਹੈ। ਉਨ੍ਹਾਂ ਨੂੰ ਅੱਜ ਇੱਥੇ ਰਾਜ ਭਵਨ ਵਿਚ ਰਾਜਪਾਲ ਬੇਬੀ ਰਾਣੀ ਮੌਰੀਆ ਨੇ ਸਹੁੰ ਚੁਕਾਈ। ਇਸ ਮੌਕੇ ਕਈ ਸੰਸਦ ਮੈਂਬਰ, ਵਿਧਾਇਕ, ਸੱਤਾਧਾਰੀ ਭਾਜਪਾ ਦੇ ਅਹੁਦੇਦਾਰ ਤੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਸਹੁੰ ਚੁੱਕਣ ਤੋਂ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਮੀਟਿੰਗ ਕੀਤੀ। ਮੀਟਿੰਗ ’ਚ ਨੌਜਵਾਨਾਂ ਅਤੇ ਬੇਰੁਜ਼ਗਾਰੀ ਸਬੰਧੀ ਅਹਿਮ ਫ਼ੈਸਲੇ ਲਏ ਗਏ। ਊਧਮ ਸਿੰਘ ਨਗਰ ਜ਼ਿਲ੍ਹੇ ਦੇ ਖਟੀਮਾ ਤੋਂ ਦੋ ਵਾਰ ਵਿਧਾਇਕ ਬਣੇ ਧਾਮੀ ਤੀਰਥ ਸਿੰਘ ਰਾਵਤ ਦੀ ਥਾਂ ਲੈਣਗੇ ਜਿਨ੍ਹਾਂ ਸ਼ੁੱਕਰਵਾਰ ਅਸਤੀਫ਼ਾ ਦੇ ਦਿੱਤਾ ਸੀ। ਧਾਮੀ ਨੂੰ ਸ਼ਨਿਚਰਵਾਰ ਭਾਜਪਾ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ ਸੀ। ਨਵੇਂ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਮਹਾਰਾਸ਼ਟਰ ਦੇ ਰਾਜਪਾਲ ਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਭਗਤ ਸਿੰਘ ਕੋਸ਼ਿਆਰੀ ਦੇ ਨੇੜੇ ਮੰਨੇ ਜਾਂਦੇ ਹਨ। ਕੋਸ਼ਿਆਰੀ ਨਵੇਂ ਮੁੱਖ ਮੰਤਰੀ ਦੇ ਸਿਆਸੀ ਗੁਰੂ ਵੀ ਹਨ। ਕੋਸ਼ਿਆਰੀ ਜਦ ਉਤਰਾਖੰਡ ਦੇ ਮੁੱਖ ਮੰਤਰੀ ਸਨ ਤਾਂ ਧਾਮੀ ਉਨ੍ਹਾਂ ਦੇ ਓਐੱਸਡੀ ਵੀ ਰਹੇ। ਧਾਮੀ ਨੇ ਮੁੱਖ ਮੰਤਰੀ ਦਾ ਅਹੁਦਾ ਉਸ ਵੇਲੇ ਸੰਭਾਲਿਆ ਹੈ ਜਦ ਵਿਧਾਨ ਸਭਾ ਚੋਣਾਂ ਨੂੰ ਕੁਝ ਹੀ ਮਹੀਨੇ ਰਹਿ ਗਏ ਹਨ। ਉਤਰਾਖੰਡ ਵਿਚ ਚੋਣਾਂ ਅਗਲੇ ਸਾਲ ਦੇ ਸ਼ੁਰੂ ਵਿਚ ਹੋਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਪੁਸ਼ਕਰ ਧਾਮੀ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਮੁੱਖ ਮੰਤਰੀ ਧਾਮੀ ਤੇ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਆਸ ਜਤਾਈ ਕਿ ਉਹ ਸੂਬੇ ਦੇ ਲੋਕਾਂ ਦੀ ਖੁਸ਼ਹਾਲੀ ਤੇ ਤਰੱਕੀ ਲਈ ਕੰਮ ਕਰਨਗੇ। ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਵੀ ਪੁਸ਼ਕਰ ਧਾਮੀ ਨੂੰ ਮੁਬਾਰਕਬਾਦ ਦਿੱਤੀ ਹੈ। ਇਕ ਟਵੀਟ ਵਿਚ ਨੱਢਾ ਨੇ ਭਰੋਸਾ ਜਤਾਇਆ ਕਿ ਧਾਮੀ ਦੀ ਅਗਵਾਈ ਵਿਚ ਰਾਜ ਤਰੱਕੀ ਤੇ ਵਿਕਾਸ ਦੇ ਨਵੇਂ ਮੀਲ ਪੱਥਰ ਸਥਾਪਿਤ ਕਰੇਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਨਵੇਂ ਮੁੱਖ ਮੰਤਰੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤੋਂ ਪਹਿਲਾਂ ਧਾਮੀ ਨੇ ਅੱਜ ਮੰਤਰੀ ਸਤਪਾਲ ਮਹਾਰਾਜ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਉਹ ਫੁੱਲਾਂ ਦਾ ਗੁਲਦਸਤਾ ਲੈ ਕੇ ਸਤਪਾਲ ਦੇ ਘਰ ਗਏ। ਦੱਸਣਯੋਗ ਹੈ ਕਿ ਸੀਨੀਅਰ ਆਗੂ ਤੇ ਕੁਝ ਹੋਰ ਵਿਧਾਇਕ ਧਾਮੀ ਨੂੰ ਭਾਜਪਾ ਵਿਧਾਇਕ ਦਲ ਦਾ ਨਵਾਂ ਆਗੂ ਚੁਣੇ ਜਾਣ ਤੋਂ ਖ਼ੁਸ਼ ਨਹੀਂ ਸਨ। ਧਾਮੀ ਨੇ ਮਗਰੋਂ ਕਿਹਾ ਕਿ ਕਿਤੇ ਵੀ ਕੋਈ ਨਾਰਾਜ਼ਗੀ ਨਹੀਂ ਹੈ, ਜਿਨ੍ਹਾਂ ਦੇ ਨਾਰਾਜ਼ ਹੋਣ ਬਾਰੇ ਕਿਹਾ ਜਾ ਰਿਹਾ ਸੀ ਉਹ ਸਾਰੇ ਹਲਫ਼ ਲੈਣ ਵੇਲੇ ਸਮਾਗਮ ਵਿਚ ਹਾਜ਼ਰ ਸਨ। ਧਾਮੀ ਨੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਵਾਲੇ ਤੀਰਥ ਸਿੰਘ ਰਾਵਤ ਤੇ ਪਹਿਲਾਂ ਮੁੱਖ ਮੰਤਰੀ ਰਹਿ ਚੁੱਕੇ ਤ੍ਰਿਵੇਂਦਰ ਸਿੰਘ ਰਾਵਤ ਨਾਲ ਵੀ ਉਨ੍ਹਾਂ ਦੀ ਰਿਹਾਇਸ਼ ਉਤੇ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਧਾਮੀ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਆਗੂ ਭੁਵਨ ਚੰਦਰ ਖੰਡੂਰੀ ਨੂੰ ਵੀ ਮਿਲਣ ਗਏ।