ਚੰਡੀਗੜ੍ਹ – ਬੀਤੇ ਦਿਨ ਅਕਾਲੀ ਦਲ ਦੇ ਆਗੂ ਅਤੇ ਸੋਈ ਦੇ ਸਾਬਕਾ ਵਿਦਿਆਰਥੀ ਨੇਤਾ ਵਿੱਕੀ ਮਿੱਡੂਖੇੜਾ ਦਾ ਸੈਕਟਰ-71 ਕੋਲ ਚਿੱਟੇ ਦਿਨ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਵਾਰਦਾਤ ਨੂੰ 4 ਲੋਕਾਂ ਵੱਲੋਂ ਅੰਜਾਮ ਦਿੱਤਾ ਗਿਆ | ਜੋ ਆਪਣੇ ਨਾਲ ਆਈਆਂ 20 ਕਾਰ ‘ਚ ਮੌਕੇ ਤੋਂ ਫਰਾਰ ਹੋ ਗਏ | ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਹੂ-ਲੁਹਾਨ ਹਾਲਤ ਵਿਚ ਵਿੱਕੀ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦੇਰ ਸ਼ਾਮ ਤਕ ਵਿੱਕੀ ਮਿੱਡੂਖੇੜਾ ਦੇ ਸੈਕਟਰ-71 ਸਥਿਤ ਮਕਾਨ ਨੰਬਰ-1101 ਵਿਚ ਕਈ ਵੱਡੇ ਅਕਾਲੀ ਆਗੂਆਂ ਦਾ ਆਉਣਾ-ਜਾਣਾ ਲੱਗਿਆ ਰਿਹਾ। ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹੋਰ ਕਈ ਨੇਤਾ ਪੁੱਜੇ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਆਉਣ ਦੀ ਵੀ ਗੱਲ ਕਹੀ ਜਾ ਰਹੀ ਸੀ ਪਰ ਬਾਅਦ ਵਿਚ ਪਤਾ ਲੱਗਿਆ ਕਿ ਉਹ ਦਿੱਲੀ ਵਿਚ ਹਨ। ਉੱਥੇ ਹੀ ‘ਸੋਈ’ ਦੇ ਸਮਰਥਕ ਵੀ ਉਸ ਦੇ ਘਰ ਦੇ ਬਾਹਰ ਮੌਜੂਦ ਰਹੇ। ਵਿੱਕੀ ਮਿੱਡੂਖੇੜਾ ਦਾ ਅੰਤਿਮ ਸੰਸਕਾਰ ਐਤਵਾਰ ਸਵੇਰੇ 11 ਵਜੇ ਮੁਕਤਸਰ ਦੇ ਪਿੰਡ ਮਿੱਡੂਖੇੜਾ ਵਿਖੇ ਹੋਵੇਗਾ।
ਬੰਬੀਹਾ ਗਰੁੱਪ ਨੇ ਲਈ ਵਿੱਕੀ ਮਿੱਡੂਖੇੜਾ ਦੀ ਹੱਤਿਆ ਦੀ ਜ਼ਿੰਮੇਵਾਰੀ
ਅਕਾਲੀ ਨੇਤਾ ਵਿੱਕੀ ਮਿੱਡੂਖੇੜਾ ਦੀ ਹੱਤਿਆ ਦੀ ਜ਼ਿੰਮੇਵਾਰੀ ਬੰਬੀਹਾ ਗਰੁੱਪ ਨੇ ਫੇਸਬੁੱਕ ਪੋਸਟ ਕਰ ਕੇ ਲਈ ਹੈ। ਫੇਸਬੁੱਕ ’ਤੇ ਪੋਸਟ ਗੈਂਗਸਟਰ ਆਫ਼ ਪੰਜਾਬ ਦੇ ਨਾਂ ਦੀ ਆਈ. ਡੀ. ਤੋਂ ਕੀਤੀ ਗਈ ਹੈ, ਜਿਸ ’ਤੇ ਮ੍ਰਿਤਕ ਗੈਂਗਸਟਰ ਵਿੱਕੀ ਗੌਂਡਰ ਦੀ ਫੋਟੋ ਲੱਗੀ ਹੈ। ਫੇਸਬੁੱਕ ਪੋਸਟ ਵਿਚ ਲਿਖਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਅੱਜ ਜੋ ਕੁਝ ਸਮਾਂ ਪਹਿਲਾਂ ਵਿੱਕੀ ਮਿੱਡੂਖੇੜਾ ਬੱਕਰੇ ਦਾ ਕਤਲ ਹੋਇਆ, ਇਹ ਕਤਲ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਕੀਤਾ ਗਿਆ ਹੈ, ਇਸ ਨੂੰ ਪਹਿਲਾਂ ਲੱਕੀ ਵੀਰ ਨੇ ਬਹੁਤ ਸਮਝਾਇਆ ਅਤੇ ਇਹ ਕਤਲ ਇਸ ਲਈ ਕੀਤਾ ਗਿਆ ਕਿਉਂਕਿ ਵਿੱਕੀ ਸਾਡੇ ਐਂਟੀ ਗਰੁੱਪ ਲਾਰੈਂਸ ਬਿਸ਼ਨੋਈ ਨੂੰ ਸਾਰੀ ਜਾਣਕਾਰੀ ਦਿੰਦਾ ਸੀ ਅਤੇ ਇਸ ਨੇ ਗੁਰਲਾਲ ਭਲਵਾਨ ਅਤੇ ਰਾਣਾ ਸਿੱਧੂ ਨੂੰ ਮਰਵਾਇਆ ਸੀ। ਰਾਣਾ ਕੰਦੋਵਾਲੀਆ ਦੇ ਕਾਤਲਾਂ ਨੂੰ ਇਸ ਨੇ ਹਥਿਆਰ ਸਪਲਾਈ ਕੀਤੇ ਸਨ ਅਤੇ ਉਨ੍ਹਾਂ ਤੋਂ ਪੈਸੇ ਵਸੂਲਣ ਦਾ ਕੰਮ ਕਰਦਾ ਸੀ। ਇਸੇ ਤਰ੍ਹਾਂ ਇਨ੍ਹਾਂ ਦੇ ਗਰੁੱਪ ਵੱਲੋਂ ਜੋ ਕਤਲ ਹੁੰਦੇ ਸੀ, ਉਹ ਬਬੀਹਾ ਗਰੁੱਪ ਦੇ ਨਾਲ ਜੋੜ ਦਿੰਦੇ ਸੀ। ਇਸ ਕਰ ਕੇ ਸਾਨੂੰ ਇਸ ਨੂੰ ਮਾਰਨਾ ਪਿਆ। ਜੇ ਤੁਸੀਂ ਨਾਜਾਇਜ਼ ਮਾਰਨ ਲੱਗੇ ਤਾਂ ਰੋਜ਼ ਉਨ੍ਹਾਂ ਦੇ ਪੋਸਟਰ ਲੱਗਣ, ਜਿਨ੍ਹਾਂ ਨੂੰ ਅਸੀਂ ਮਾਰ ਸਕਦੇ ਹਾਂ ਪਰ ਅਸੀਂ ਕਿਸੇ ਵੀ ਨਿਰਦੋਸ਼ ਬੰਦੇ ਨੂੰ ਨਹੀਂ ਕੁਝ ਕਹਿਣਾ। ਕੋਈ ਇਨ੍ਹਾਂ ਜਾ ਕਿਸੇ ਦਾ ਵੀ ਦੋਸਤ ਹੋ ਸਕਦਾ, ਉਸ ਨੂੰ ਨਹੀਂ ਮਾਰਨਾ ਪਰ ਜੋ ਸਾਡੇ ਖਿਲਾਫ਼ ਇਨ੍ਹਾਂ ਦਾ ਸਾਥ ਦੇਵੇਗਾ, ਉਸ ਦਾ ਇਹੀ ਹਾਲ ਹੋਵੇਗਾ’।
ਉੱਥੇ ਹੀ ਦਵਿੰਦਰ ਬਬੀਹਾ ਗਰੁੱਪ ਵੱਲੋਂ ਇਕ ਹੋਰ ਪੋਸਟ ਵਿਚ ਕਿਹਾ ਗਿਆ ਕਿ ਵਿੱਕੀ ਲਾਰੈਂਸ ਬਿਸ਼ਨੋਈ ਗਰੁੱਪ ਨੂੰ ਕਲਾਕਾਰਾਂ ਅਤੇ ਕਾਰੋਬਾਰੀਆਂ ਦੇ ਨੰਬਰ ਦੇ ਕੇ ਉਨ੍ਹਾਂ ਤੋਂ ਰੁਪਏ ਵਸੂਲਦਾ ਸੀ ਅਤੇ ਨਾਂ ਸਾਡੇ ਗਰੁੱਪ ਦਾ ਲਾਉਂਦਾ ਸੀ। ਇਸ ਨੂੰ ਬਹੁਤ ਵਾਰ ਸਮਝਾਇਆ ਸੀ ਪਰ ਵਿੱਕੀ ਮੰਨ ਨਹੀਂ ਰਿਹਾ ਸੀ, ਜਿਸ ਕਾਰਨ ਉਸ ਦੀ ਹੱਤਿਆ ਕੀਤੀ ਗਈ ਹੈ।