ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਪਟਵਾਰੀ ਦੀਆਂ ਭਰਤੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ। ਜਿਸ ਲਈ 1152 ਅਸਾਮੀਆਂ ਖਾਲੀ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਕੁਲ ਅਸਾਮੀਆਂ ਨਾਲੋਂ 200 ਗੁਣਾਂ ਵੱਧ ਅਰਜੀਆਂ ਪ੍ਰਾਪਤ ਹੋਈਆਂ ਹਨ। ਪ੍ਰਾਪਤ ਅਰਜੀਆਂ ਦੀ ਗਿਣਤੀ 2,38,181 ਹੈ। ਸੌਖੇ ਢੰਗ ਨਾਲ ਸਮਝਿਆ ਜਾਵੇ ਤਾਂ ਇੱਕ ਅਸਾਮੀ ਲਈ 200 ਬੰਦੇ ਨੇ ਅਪਲਾਈ ਕੀਤਾ ਹੈ। ਇਸੇ ਤੋਂ ਪੰਜਾਬ ਅੰਦਰ ਬੇਰੋਜ਼ਗਾਰ ਨੌਜਵਾਨਾਂ ਦੀ ਨਫਰੀ ਦਾ ਪਤਾ ਲਗਦਾ ਹੈ। ਇਸਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਪਟਵਾਰੀ ਲਈ ਲੋੜੀਂਦੀ ਵਿਦਿਅਕ ਯੋਗਤਾ ਗ੍ਰੇਜੂਏਸ਼ਨ ਰੱਖੀ ਗਈ ਹੈ ਪਰ ਅਪਲਾਈ ਕਰਨ ਵਾਲੇ ਨੌਜਵਾਨ ਐਮ.ਏ, ਐਮ.ਫ਼ਿਲ ਅਤੇ ਪੀ.ਐੱਚ.ਡੀ. ਤੱਕ ਹਨ। ਜਿਸਦਾ ਸਿੱਧਾ ਮਤਲਬ ਇਹ ਨਿਕਲਦਾ ਹੈ ਕਿ ਐਨਾ ਪੜ੍ਹਿਆ ਨੂੰ ਹਾਲੇ ਤੱਕ ਕੋਈ ਸਰਕਾਰੀ ਨੌਕਰੀ ਨਹੀਂ ਮਿਲੀ ਹੋਈ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਹਨਾਂ ਪਟਵਾਰੀਆਂ ਨੂੰ ਟ੍ਰੇਨਿੰਗ ਦੇ ਪਹਿਲੇ 18 ਮਹੀਨੇ 5000 ਰੁਪਏ ਹੀ ਮਿਲਣੇ ਹਨ। ਫਿਰ ਪਹਿਲੇ 3 ਸਾਲ 20,000 ਰੁਪਏ ਤੱਕ ਮਿਲਣਗੇ।
ਪਹਿਲਾਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਫਰਦਾਂ ਜਾਂ ਸਾਰੇ ਰਿਕਾਰਡ ਦਾ ਕੰਮ ਓਨਲਾਈਨ ਹੋਣ ਨਾਲ ਪਟਾਰੀਆਂ ਦੀ ਜਿਆਦਾ ਲੋੜ ਨਹੀਂ ਹੈ। ਪਰ ਬਾਅਦ ‘ਚ ਇਹਨਾਂ ਦੀ ਲੋੜ ਨੂੰ ਜਰੂਰੀ ਸਮਝਿਆ ਗਿਆ ਕਿਉਂਕਿ ਸਭ ਕੁਝ ਡਿਜ਼ੀਟਲ ਮਾਧਿਅਮ ਰਾਹੀਂ ਸੰਭਵ ਨਹੀਂ ਹੈ
ਸੇਵਾ ਚੋਣ ਬੋਰਡ ਦੇ ਚੇਅਰਮੈਨ ਰਮਨ ਬਹਿਲ ਦਾ ਕਹਿਣਾ ਹੈ ਕਿ ਅਗਲੇ ਮਹੀਨੇ ਪਟਵਾਰੀ ਦੀਆਂ ਭਰਤੀਆਂ ਲਈ ਇਮਤਿਹਾਨ ਹੋਣਗੇ। ਜਿਨ੍ਹਾਂ ਲਈ 550 ਪ੍ਰੀਖਿਆ ਕੇਂਦਰਾਂ ਦੀ ਲੋੜ ਹੋਵੇਗੀ। ਉਹਨਾਂ ਦੱਸਿਆ ਕਿ ਇਹ ਇਕ ਚਣੌਤੀ ਭਰਿਆ ਕੰਮ ਹੋਵੇਗਾ।