ਕਸ਼ਮੀਰ ਵਿੱਚ ਟਾਰਗੇਟ ਕਿਲਿੰਗ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਵੀਰਵਾਰ ਸਵੇਰੇ ਰਾਜਸਥਾਨ ਦੇ ਇਕ ਬੈਂਕ ਮੈਨੇਜਰ ਦੀ ਹੱਤਿਆ ਤੋਂ ਬਾਅਦ ਅੱਤਵਾਦੀਆਂ ਨੇ ਦੇਰ ਰਾਤ ਬਡਗਾਮ ‘ਚ ਵੀ ਦੋ ਗੈਰ-ਕਸ਼ਮੀਰੀਆਂ ‘ਤੇ ਗੋਲੀਬਾਰੀ ਕੀਤੀ। ਇਸ ਵਿੱਚ ਬਿਹਾਰ ਦੇ ਰਹਿਣ ਵਾਲੇ ਦਿਲਖੁਸ਼ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਦੇ ਨਾਲ ਹੀ ਪੰਜਾਬ ਦੇ ਰਹਿਣ ਵਾਲੇ ਗੋਰੀਆ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪੁਲਸ ਮੁਤਾਬਕ ਬਡਗਾਮ ਜ਼ਿਲੇ ਦੇ ਮਾਗਰੇਪੋਰਾ ਇਲਾਕੇ ‘ਚ ਇਕ ਅਣਪਛਾਤੇ ਹਮਲਾਵਰ ਨੇ ਦੋ ਪ੍ਰਵਾਸੀ ਮਜ਼ਦੂਰਾਂ ‘ਤੇ ਗੋਲੀਆਂ ਚਲਾਈਆਂ, ਇਕ ਦੇ ਮੋਢੇ ‘ਚ ਅਤੇ ਦੂਜੇ ਦੇ ਹੱਥ ‘ਚ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਖੁਸ਼ਦਿਲ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਪੰਜਾਬ ਦੇ ਗੁਰਦਾਸਪੁਰ ਦੇ ਰਹਿਣ ਵਾਲੇ ਗੋਰੀਆ ਦਾ ਇਲਾਜ ਚੱਲ ਰਿਹਾ ਹੈ।
ਸਵੇਰੇ ਬੈਂਕ ‘ਚ ਦਾਖਲ ਹੋ ਕੇ ਮੈਨੇਜਰ ਦਾ ਕਤਲ
ਵੀਰਵਾਰ ਸਵੇਰੇ ਕੁਲਗਾਮ ‘ਚ ਅੱਤਵਾਦੀਆਂ ਨੇ ਬੈਂਕ ‘ਚ ਦਾਖਲ ਹੋ ਕੇ ਰਾਜਸਥਾਨ ‘ਚ ਰਹਿਣ ਵਾਲੇ ਬੈਂਕ ਮੈਨੇਜਰ ਨੂੰ ਗੋਲੀ ਮਾਰ ਦਿੱਤੀ। ਤਿੰਨ ਦਿਨ ਪਹਿਲਾਂ ਕੁਲਗਾਮ ਵਿੱਚ ਹੀ ਇੱਕ ਅਧਿਆਪਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਥਾਨਕ ਦੇਹਤੀ ਬੈਂਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਜੇ ਕੁਮਾਰ ਨੂੰ ਅੱਤਵਾਦੀਆਂ ਨੇ ਮੋਹਨਪੋਰਾ ਬ੍ਰਾਂਚ ‘ਚ ਗੋਲੀ ਮਾਰ ਦਿੱਤੀ ਸੀ। ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਅੱਤਵਾਦੀਆਂ ਦੀ ਭਾਲ ‘ਚ ਸਰਚ ਆਪਰੇਸ਼ਨ ਜਾਰੀ ਹੈ।
ਸ਼ਾਹ ਨੇ ਕੱਲ੍ਹ ਫਿਰ ਮੀਟਿੰਗ ਬੁਲਾਈ ਹੈ
ਇੱਥੇ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਸ਼ਮੀਰ ਵਿੱਚ ਲਗਾਤਾਰ ਟਾਰਗੇਟ ਕਿਲਿੰਗ ਅਤੇ ਵਾਦੀ ਵਿੱਚੋਂ ਕਸ਼ਮੀਰੀ ਪੰਡਤਾਂ ਦੇ ਪਲਾਇਨ ਦੀ ਚੇਤਾਵਨੀ ਤੋਂ ਬਾਅਦ ਦਿੱਲੀ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਰਾਅ ਦੇ ਮੁਖੀ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਹੈ। ਇਹ ਮੀਟਿੰਗ ਸ਼ੁੱਕਰਵਾਰ ਨੂੰ ਵੀ ਬੁਲਾਈ ਗਈ ਹੈ। ਡੋਭਾਲ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਐੱਲਜੀ ਮਨੋਜ ਸਿਨਹਾ, ਪੀਐੱਮਓ ‘ਚ ਰਾਜ ਮੰਤਰੀ ਡਾ. ਜਤਿੰਦਰ ਸਿੰਘ, ਕਸ਼ਮੀਰ ਦੇ ਡੀਜੀਪੀ ਅਤੇ ਉੱਚ ਸੁਰੱਖਿਆ ਅਧਿਕਾਰੀ ਵੀ ਮੌਜੂਦ ਰਹਿਣਗੇ।