ਪੰਜਾਬ ‘ਚ ਕੋਰੋਨਾ ਦੇ ਮਾਮਲਿਆਂ ਦੇ ਵਿੱਚ ਗਿਰਾਵਟ ਆ ਰਹੀ ਹੈ ਅਤੇ ਮੌਤਾਂ ਦਾ ਅੰਕੜਾ ਲਗਾਤਾਰ ਰਫਤਾਰ ਫੜ ਰਿਹਾ ਹੈ | ਕੋਰੋਨਾ ਨਾਲ ਜੂਝ ਰਹੇ ਪੰਜਾਬ ’ਚ ਪਿਛਲੇ 12 ਦਿਨਾਂ ਤੋਂ ਕੋਰੋਨਾ ਦੇ ਮਾਮਲੇ 50 ਫ਼ੀਸਦੀ ਘਟ ਗਏ ਹਨ; ਜਿਸ ਨੂੰ ਇੱਕ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ। ਐਕਟਿਵ ਮਰੀਜ਼ਾਂ ਦਾ ਅੰਕੜਾ ਵੀ 37 ਫ਼ੀਸਦੀ ਤੱਕ ਘਟਿਆ ਹੈ। ਬੁੱਧਵਾਰ ਨੂੰ 4,152 ਨਵੇਂ ਮਰੀਜ਼ ਹਸਪਤਾਲਾਂ ’ਚ ਦਾਖ਼ਲ ਹੋਏ। ਇਹ ਅੰਕੜਾ ਮਈ ਮਹੀਨੇ ਦਾ ਸਭ ਤੋਂ ਹੇਠਲਾ ਪੱਧਰ ਹੈ। ਬੀਤੀ 14 ਮਈ ਨੂੰ 8,036 ਮਰੀਜ਼ ਪੌਜ਼ੇਟਿਵ ਆਏ। ਹੁਣ ਤੱਕ ਕੋਵਿਡ-19 ਦੀ ਲਪੇਟ ’ਚ ਆਏ ਮਰੀਜ਼ਾਂ ਦੀ ਕੁੱਲ ਗਿਣਤੀ ਵੀ ਵਧ ਕੇ ਸਾਢੇ 5 ਲੱਖ ਤੋਂ ਪਾਰ ਹੋ ਗਈ ਹੈ।ਕੱਲ੍ਹ ਬੁੱਧਵਾਰ ਨੂੰ ਇਹ ਗਿਣਤੀ 5 ਲੱਖ 50 ਹਜ਼ਾਰ 354 ’ਤੇ ਪੁੱਜ ਗਈ ਸੀ। ਦੂਜੇ ਮੋਰਚੇ ਵੱਡੀ ਰਾਹਤ ਐਕਟਿਵ ਮਰੀਜ਼ਾਂ (ਜੋ ਹਸਪਤਾਲ ’ਚ ਜ਼ੇਰੇ ਇਲਾਜ ਹਨ) ਦੇ ਮਾਮਲੇ ’ਚ ਮਿਲੀ ਹੈ। ਕੱਲ੍ਹ ਐਕਟਿਵ ਮਰੀਜ਼ਾਂ ਦੀ ਗਿਣਤੀ 37 ਫ਼ੀਸਦੀ ਤੱਕ ਘਟ ਕੇ 50 ਹਜ਼ਾਰ ਦੇ ਲਗਭਗ ਰਹਿ ਗਈ, ਜੋ 12 ਮਈ ਨੂੰ 79,196 ਸੀ। ਭਾਵੇਂ ਕੋਵਿਡ ਦੀ ਛੂਤ ਕਾਰਨ ਹੋਣ ਵਾਲੀਆਂ ਮੌਤਾਂ ਦੀ ਰਫ਼ਤਾਰ ਸਿਹਤ ਮਹਿਕਮੇ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਘੱਟ ਨਹੀਂ ਹੋ ਰਹੀ।22 ਮਈ ਨੂੰ 24 ਘੰਟਿਆਂ ਦੌਰਾਨ 195 ਮੌਤਾਂ ਤੋਂ ਬਾਅਦ ਇਹ ਅੰਕੜਾ 176 ’ਤੇ ਚਲਾ ਗਿਆ ਸੀ ਪਰ ਬੁੱਧਵਾਰ ਨੂੰ ਇਹ ਮੁੜ 195 ’ਤੇ ਚਲਾ ਗਿਆ। ਲੁਧਿਆਣਾ ਤੇ ਪਟਿਆਲਾ ’ਚ ਸਭ ਤੋਂ ਵੱਧ 20-20 ਮੌਤਾਂ ਹੋਈਆਂ। ਸੂਬੇ ’ਚ ਬੁੱਧਵਾਰ ਨੂੰ 6,397 ਮਰੀਜ਼ ਠੀਕ ਹੋਏ। ਠੀਕ ਹੋਣ ਵਾਲੇ ਕੁੱਲ ਮਰੀਜ਼ਾਂ ਦੀ ਗਿਣਤੀ ਵਧ ਕੇ 4,87,859 ਹੋ ਗਈ ਹੈ।