ਦੇਸ਼ ਵਿੱਚ ਕੋਰੋਨਾ ਵਾਇਰਸ ਨੇ ਇੱਕ ਵਾਰ ਫਿਰ ਆਪਣੀ ਰਫਤਾਰ ਤੇਜ਼ ਕਰ ਦਿੱਤੀ ਹੈ। ਕੋਵਿਡ ਦੇ ਮਾਮਲੇ ਹਰ ਦਿਨ ਤੇਜ਼ੀ ਨਾਲ ਵੱਧ ਰਹੇ ਹਨ। ਓਮੀਕ੍ਰੋਨ ਦੇ ਮਾਮਲੇ ਵੀ ਦਿਨੋਂ-ਦਿਨ ਵੱਧ ਰਹੇ ਹਨ । ਇਸ ਦੌਰਾਨ ਏਅਰ ਇੰਡੀਆ ਦੀ ਇਟਲੀ-ਅੰਮ੍ਰਿਤਸਰ ਉਡਾਣ ਦੇ ਕਰੀਬ 125 ਯਾਤਰੀ ਕੋਵਿਡ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਹ ਸਾਰੇ ਯਾਤਰੀ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੇ ਸਨ।ਇਹ ਜਾਣਕਾਰੀ ਹਵਾਈ ਅੱਡੇ ਦੇ ਡਾਇਰੈਕਟਰ ਵੀਕੇ ਸੇਠ ਵਲੋਂ ਦਿੱਤੀ ਗਈ ਹੈ।
ਵੀਰਵਾਰ ਨੂੰ, ਓਮੀਕ੍ਰੋਨ ਨੇ ਭਾਰਤ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 495 ਨਵੇਂ ਕੇਸ ਦਰਜ ਹੋਏ, ਜਿਸ ਨਾਲ ਇਸ ਲਾਗ ਦੇ ਮਾਮਲਿਆਂ ਦੀ ਗਿਣਤੀ 2,630 ਹੋ ਗਈ। ਮਹਾਰਾਸ਼ਟਰ ਵਿੱਚ ਓਮੀਕ੍ਰੋਨ ਦੇ ਸਭ ਤੋਂ ਵੱਧ 797 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਦਿੱਲੀ ਵਿੱਚ 465, ਰਾਜਸਥਾਨ ਵਿੱਚ 236, ਕੇਰਲ ਵਿੱਚ 234, ਕਰਨਾਟਕ ਵਿੱਚ 226, ਗੁਜਰਾਤ ਵਿੱਚ 204 ਅਤੇ ਤਾਮਿਲਨਾਡੂ ਵਿੱਚ 121 ਮਾਮਲੇ ਦਰਜ ਕੀਤੇ ਗਏ।
ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ -19 ਦੇ 90,928 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ, ਦੇਸ਼ ਵਿੱਚ ਪੀੜਤਾਂ ਦੀ ਗਿਣਤੀ ਵੱਧ ਕੇ 3,51,09,286 ਹੋ ਗਈ ਹੈ। ਤਕਰੀਬਨ 200 ਦਿਨਾਂ ਬਾਅਦ ਸਾਹਮਣੇ ਆਏ ਇਹ ਸਭ ਤੋਂ ਵੱਧ ਮਾਮਲੇ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ 10 ਜੂਨ ਨੂੰ ਇਨਫੈਕਸ਼ਨ ਦੇ 91,702 ਮਾਮਲੇ ਸਾਹਮਣੇ ਆਏ ਸਨ।