ਪੰਜਾਬ ‘ਚ ਜਿਵੇਂ ਜਿਵੇਂ 2022 ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਸਾਰੀਆਂ ਸਿਆਸੀਆਂ ਪਾਰਟੀਆਂ ਸੱਤਾ ‘ਚ ਆਉਣ ਲਈ ਕਈ ਹੱਥ ਕੰਡੇ ਅਪਣਾ ਰਹੀਆਂ ਹਨ।ਸਾਰੀਆਂ ਪਾਰਟੀਆਂ ਸਿਆਸੀ ਰੋਟੀਆਂ ਸੇਕ ਰਹੀਆਂ ਹਨ।ਸੁਖਬੀਰ ਬਾਦਲ ਆਪਣੀ ਪ੍ਰੈੱਸ ਕਾਨਫ੍ਰੰਸ ‘ਚ ਪੰਜਾਬ ਦੀ ਜਨਤਾ ਨਾਲ 13 ਵੱਡੇ ਵਾਅਦੇ ਕੀਤੇ ਸਨ ਉਨ੍ਹਾਂ ‘ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਸਵਾਲ ਚੁੱਕੇ ਹਨ।
ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਅਕਾਲੀ ਦਲ ਬਾਦਲ ਵਲੋਂ ਸਿਆਸਤ ‘ਚ ਆਉਣ ਲਈ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਜਾ ਰਹੇ ਹਨ ਅਤੇ ਸੁਪਨੇ ਦਿਖਾਏ ਜਾ ਰਹੇ ਹਨ।ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ 13 ਵੱਡੇ ਵਾਅਦੇ ਪ੍ਰੋਗਰਾਮ ‘ਚ ਸੂਬੇ ‘ਚੋਂ ਮਾਫੀਆ ਰਾਜ ਖਤਮ ਕਰਨ, ਬੇਅਦਬੀ ਮਾਮਲੇ ‘ਚ ਇਨਸਾਫ ਦਿਵਾਉਣ, ਬਿਜਲੀ ਸਮਝੌਤੇ ਰੱਦ ਕਰਨ ਅਤੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਨ ਦਾ ਜ਼ਿਕਰ ਤੱਕ ਨਹੀਂ ਕੀਤਾ।ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਪੰਜਾਬ ‘ਚ
ਨਸ਼ਾ,ਟਰਾਂਸਪੋਰਟ, ਕੇਬਲ, ਰੇਤ ਮਾਫੀਆ ਆਦਿ ਸਭ ਬਾਦਲਾਂ ਦੀ ਹੀ ਦੇਣ ਹਨ।ਜਿਸ ਕਾਰਨ ਪੰਜਾਬ ਦਾ ਖਜ਼ਾਨਾ ਖਾਲੀ ਹੋਇਆ ਅਤੇ ਪੰਜਾਬ 3 ਲੱਖ ਕਰੋੜ ਦਾ ਕਰਜ਼ਾਈ ਹੋਇਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਬਾਦਲਾਂ ਵਲੋਂ ਪੈਦਾ ਕੀਤੇ ਮਾਫੀਆ ਰਾਜ ਦੀ ਅਗਵਾਈ ਅੱਜ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਕਰ ਰਹੇ ਹਨ।
ਚੀਮਾ ਦਾ ਕਹਿਣਾ ਹੈ ਕਿ ਬਾਦਲਾਂ ਦੇ ਰਾਜ ‘ਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਅਤੇ ਇਨਸਾਫ ਮੰਗਣ ਵਾਲੇ ਸਿੱਖਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ, ਇਨ੍ਹਾਂ ਮਾਮਲਿਆਂ ਸਬੰਧੀ ਅੱਜ ਤੱਕ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ।ਬਾਦਲਾਂ ਦੇ ਰਾਜ ‘ਚ ਕਰਜ਼ੇ ਦੇ ਬੋਝ ਕਾਰਨ ਹਜ਼ਾਰਾਂ ਕਿਸਾਨ ਮਜ਼ਦੂਰ ਨੇ ਖੁਦਕੁਸ਼ੀ ਕਰ ਲਈ ਅਤੇ ਨਸ਼ਿਆਂ ਦੇ ਛੇਵੇਂ ਦਰਿਆ ਨੇ ਪੰਜਾਬ ਦੀ ਜਵਾਨੀ ਬਰਬਾਦ ਕਰ ਦਿੱਤੀ।