14 ਅਕਤੂਬਰ 2015 ਨੂੰ ਬੱਤੀਆਂ ਵਾਲ਼ਾ ਚੌਕ ਕੋਟਕਪੂਰਾ ‘ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਕੀਤੀ ਬੇਅਦਬੀ ਦੇ ਦੋਸ਼ੀਆਂ ‘ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੀ ਸਿੱਖ ਸੰਗਤ ‘ਤੇ ਤਤਕਾਲੀ ਸਰਕਾਰ ਵੱਲੋਂ ਵਰਤਾਏ ਪੁਲਸੀਆ ਕਹਿਰ ਨੂੰ ਪਿਛਲੇ ਸਾਲਾਂ ਦੀ ਤਰਾਂ ਇਸ ਸਾਲ ਵੀ ਲਾਹਨਤ ਦਿਹਾੜੇ ਵਜੋਂ ਮਨਾਇਆ ਜਾਵੇਗਾ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ਜਥੇਬੰਦੀ “ਦਰਬਾਰ-ਏ-ਖਾਲਸਾ” ਦੇ ਬੁਲਾਰੇ ਹਰਪਿੰਦਰ ਸਿੰਘ ਕੋਟਕਪੂਰਾ ਨੇ ਜਥੇਬੰਦੀ ਦੇ ਮੁਖੀ ਭਾਈ ਹਰਜਿੰਦਰ ਸਿੰਘ ਮਾਝੀ ਦੇ ਹਵਾਲੇ ਨਾਲ਼ ਦੱਸਿਆ ਕਿ ਇਸ ਦਿਨ ਬਿਲਕੁਲ ਉਸੇ ਤਰਾਂ ਸ਼ਾਂਤਮਈ ਤਰੀਕੇ ਨਾਲ਼ ਬੱਤੀਆਂ ਵਾਲ਼ਾ ਚੌਕ ਕੋਟਕਪੂਰਾ ‘ਚ ਸਿੱਖ ਸੰਗਤ ਵੱਲੋਂ ਨਿੱਤਨੇਮ ਦਾ ਜਾਪ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਅਸੀਂ ਦੁਨੀਆਂ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਕਿਸ ਤਰਾਂ ਸਮੇਂ ਦੀ ਹਕੂਮਤ ਨੇ ਇਨਸਾਫ ਮੰਗਦੀ ਸਿੱਖ ਸੰਗਤ ‘ਤੇ ਗੋਲ਼ੀ ਚਲਾ ਕੇ ਕਹਿਰ ਵਰਤਾਇਆ ਸੀ ।
ਇਸਦੇ ਨਾਲ਼ ਹੀ ਉਹਨਾਂ ਪਾਵਨ ਸਰੂਪਾਂ ਦੇ ਬੇਅਦਬੀ ਦੇ ਮੁੱਦੇ ਨੂੰ ਅਧਾਰ ਬਣਾ ਕੇ ਸੱਤਾ ਹਾਸਲ ਕਰ ਚੁੱਕੀ ਕਾਂਗਰਸ ਸਰਕਾਰ ਨੂੰ ਵੀ ਬਰਾਬਰ ਦੀ ਭਾਗੀਦਾਰ ਗਰਦਾਨਦਿਆਂ ਕਿਹਾ ਕਿ ਇਹ ਵੀ ਇਸ ਮੁੱਦੇ ‘ਤੇ ਮਹਿਜ ਰਾਜਨੀਤੀ ਕਰ ਰਹੇ ਹਨ ।
ਉਹਨਾਂ ਸਿੱਖ ਸੰਗਤ ਨੂੰ ਸੰਕੇਤਕ ਤੌਰ ‘ਤੇ ਆਯੋਜਿਤ ਕੀਤੇ ਜਾਣ ਵਾਲ਼ੇ ਇਸ “ਲਾਹਨਤ ਦਿਹਾੜੇ” ਦੇ ਸਮਾਗਮ ਵਿੱਚ ਅਮ੍ਰਿਤ ਵੇਲ਼ੇ ਠੀਕ ਪੰਜ ਵਜੇ ਸ਼ਾਮਲ ਹੋਣ ਦੀ ਅਪੀਲ ਕੀਤੀ । ਇਸਦੇ ਨਾਲ਼ ਉਹਨਾਂ ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਕੀਤੀ ਕਿ ਜਿਹੜੀ ਸੰਗਤ ਬੱਤੀਆਂ ਵਾਲ਼ਾ ਚੌਕ ‘ਚ ਨਹੀਂ ਪਹੁੰਚ ਸਕਦੀ ਉਹ ਦਰਬਾਰ-ਏ-ਖਾਲਸਾ ਦੇ ਫੇਸਬੁੱਕ ਪੇਜ਼ ‘ਤੇ ਜ਼ਰੂਰ ਜੁੜ ਕੇ ਸ਼ਮੂਲੀਅਤ ਕਰਨ ।