ਗੁਜਰਾਤ ਦੇ ਮੋਰਬੀ ਵਿੱਚ ਐਤਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਮੱਛੂ ਨਦੀ ਵਿੱਚ ਬਣੇ ਕੇਬਲ ਪੁਲ ਦੇ ਅਚਾਨਕ ਟੁੱਟਣ ਕਾਰਨ ਕਈ ਲੋਕ ਦਰਿਆ ਵਿੱਚ ਡਿੱਗ ਗਏ। ਲੋਕਾਂ ਨੂੰ ਨਦੀ ‘ਚੋਂ ਕੱਢਣ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਪੁਲ ਨੂੰ ਹਾਲ ਹੀ ਵਿੱਚ ਮੁਰੰਮਤ ਤੋਂ ਬਾਅਦ ਚਾਲੂ ਕੀਤਾ ਗਿਆ ਸੀ।
ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਪੁਲ ਦੇ ਡਿੱਗਣ ਕਾਰਨ ਕਿੰਨੇ ਲੋਕ ਦਰਿਆ ‘ਚ ਡਿੱਗੇ ਹਨ ਪਰ ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਹਾਦਸੇ ਦੇ ਸਮੇਂ ਪੁਲ ‘ਤੇ ਵੱਡੀ ਭੀੜ ਮੌਜੂਦ ਸੀ। ਬਚਾਅ ਕਾਰਜ ‘ਚ ਸਥਾਨਕ ਲੋਕ ਵੀ ਪੁਲਸ ਅਤੇ ਪ੍ਰਸ਼ਾਸਨ ਦੀ ਮਦਦ ਕਰ ਰਹੇ ਹਨ।
ਕੇਬਲ ਪੁਲ ਕਾਫੀ ਪੁਰਾਣਾ ਦੱਸਿਆ ਜਾਂਦਾ ਹੈ। ਇਸ ਦੀ ਮੁਰੰਮਤ ਤੋਂ ਬਾਅਦ 5 ਦਿਨ ਪਹਿਲਾਂ ਹੀ ਇਸ ਦੀ ਸ਼ੁਰੂਆਤ ਕੀਤੀ ਗਈ ਸੀ। ਰੈਨੋਵੇਸ਼ਨ ਤੋਂ ਬਾਅਦ ਵੀ ਇੰਨੇ ਵੱਡੇ ਹਾਦਸੇ ਤੋਂ ਬਾਅਦ ਹੁਣ ਕਈ ਸਵਾਲ ਖੜ੍ਹੇ ਹੋ ਰਹੇ ਹਨ।
ਇਸ ਪੁਲ ਦੀ ਮੁਰੰਮਤ ਦਾ ਕੰਮ ਪਿਛਲੇ 7 ਮਹੀਨਿਆਂ ਤੋਂ ਚੱਲ ਰਿਹਾ ਸੀ। ਮੁਰੰਮਤ ਦਾ ਕੰਮ ਇੱਕ ਟਰੱਸਟ ਵੱਲੋਂ ਕੀਤਾ ਗਿਆ ਸੀ। ਇੰਨੇ ਲੰਬੇ ਸਮੇਂ ਬਾਅਦ ਪੁਲ ਦੇ ਖੁੱਲ੍ਹਣ ਕਾਰਨ ਐਤਵਾਰ ਨੂੰ ਵੱਡੀ ਗਿਣਤੀ ‘ਚ ਲੋਕ ਆਪਣੇ ਪਰਿਵਾਰਾਂ ਸਮੇਤ ਤਸਵੀਰਾਂ ਅਤੇ ਸੈਲਫੀ ਲੈਣ ਲਈ ਪੁਲ ‘ਤੇ ਪਹੁੰਚ ਗਏ ਸਨ।