ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਓਮੀਕ੍ਰੋਨ ਭਾਰਤ ਦੇ ਕਈ ਸ਼ਹਿਰਾਂ ਵਿੱਚ ਫੈਲ ਚੁੱਕਾ ਹੈ। ਇਸ ਦੌਰਾਨ ਕੇਂਦਰ ਸਰਕਾਰ 3 ਜਨਵਰੀ ਤੋਂ 15 ਤੋਂ 18 ਸਾਲ ਦੇ ਬੱਚਿਆਂ ਲਈ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ। ਬਾਲਗਾਂ ਵਾਂਗ ਹੁਣ ਬੱਚਿਆਂ ਨੂੰ ਵੀ ਵੈਕਸੀਨ ਲਗਾਈ ਜਾਵੇਗੀ। ਜਿਸ ਦੇ ਲਈ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਹੈ।
ਨੈਸ਼ਨਲ ਹੈਲਥ ਅਥਾਰਿਟੀ ਦੇ ਸੀ.ਈ.ਓ. ਡਾ. ਆਰ.ਐੱਸ. ਸ਼ਰਮਾ ਨੇ ਦੱਸਿਆ ਕਿ 1 ਜਨਵਰੀ ਤੋਂ 15-18 ਸਾਲ ਦੇ ਬੱਚੇ ਵੈਕਸੀਨ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਬੱਚਿਆਂ ਦੇ ਟੀਕਾਕਰਨ ਲਈ ਤੁਸੀਂ Co-WIN ਐੱਪ ‘ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਉਹ ਸਾਰੇ ਲੋਕ ਜਿਨ੍ਹਾਂ ਦਾ ਜਨਮ 2007 ਜਾਂ ਉਸ ਤੋਂ ਪਹਿਲਾਂ ਹੋਇਆ ਹੈ, ਉਹ ਸਾਰੇ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਹੀ ਟੀਕਾਕਰਨ ਕਰਵਾ ਸਕਦੇ ਹਨ।
ਟੀਕਾਕਰਨ ਲਈ ਅਪਾਇੰਟਮੈਂਟ ਆਨਲਾਈਨ ਜਾਂ ਆਨਸਾਈਟ ਬੁੱਕ ਕੀਤੇ ਜਾ ਸਕਦੇ ਹਨ। ਬੱਚਿਆਂ ਨੂੰ ਅਜੇ ਕੋਵੈਕਸੀਨ ਲਗਾਈ ਜਾਵੇਗੀ। ਜਾਇਡਸ ਕੈਡਿਲਾ ਦੀ ਜਾਇਕੋਵ-ਡੀ ਨੂੰ 20 ਅਗਸਤ ਨੂੰ ਹੀ ਮਨਜ਼ੂਰੀ ਮਿਲ ਗਈ ਸੀ ਪਰ ਇਸ ਨੂੰ ਅਜੇ ਟੀਕਾਕਰਨ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਹ ਵੈਕਸੀਨ 12 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਦਿੱਤੀ ਜਾਵੇਗੀ।
ਦੱਸ ਦਈਏ ਕਿ ਦੁਨੀਆ ਦੇ ਕਈ ਦੇਸ਼ਾਂ ਵਿੱਚ ਬੱਚਿਆਂ ਨੂੰ ਕੋਰੋਨਾ ਦੀ ਵੈਕਸੀਨ ਲਗਾਈ ਜਾ ਰਹੀ ਹੈ। ਬੱਚਿਆਂ ‘ਤੇ ਵੈਕਸੀਨ ਅਸਰਦਾਰ ਸਾਬਤ ਹੋਈ ਹੈ। ਭਾਰਤ ਬਾਇਓਟੈਕ ਨੇ ਕੋਵੈਕਸੀਨ ਦਾ ਟ੍ਰਾਇਲ ਕੀਤਾ ਸੀ, ਜੋ ਅਸਰਦਾਰ ਸਾਬਤ ਹੋਇਆ ਹੈ।