ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਇਕ ਵੱਡਾ ਬਿਆਨ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਹੈ ਕਿ 15 ਫਰਵਰੀ ਤਕ ਸੂਬੇ ਵਿਚ 15 ਹਜ਼ਾਰ ਅਧਿਆਪਕਾਂ ਦੀ ਭਰਤੀ ਕਰ ਲਈ ਜਾਵੇਗੀ ਤਾਂ ਕਿ ਸਕੂਲਾਂ ਵਿਚ ਅਧਿਆਪਕਾਂ ਦੀ ਕਮੀ ਦੂਰ ਹੋਣ ਦੇ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ।
ਬੈਂਸ ਵੀਰਵਾਰ ਨੂੰ ਗੁਰੂ ਨਾਨਕ ਸਟੇਡੀਅਮ ’ਚ ਦਿਵਿਆਂਗ ਬੱਚਿਆਂ ਦੀ ਸ਼ੁਰੂ ਹੋਈ ਰਾਜ ਪੱਧਰੀ ਖੇਡ ਪ੍ਰਤੀਯੋਗਿਤਾ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਸੂਬੇ ਭਰ ਦੇ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀਆਂ ਲਗਪਗ 22 ਹਜ਼ਾਰ ਅਸਾਮੀਆਂ ਖਾਲੀ ਹਨ। 15 ਫਰਵਰੀ ਤਕ 15 ਹਜ਼ਾਰ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ ਅਤੇ ਬਾਕੀ ਸੱਤ ਹਜ਼ਾਰ ਅਸਾਮੀਆਂ ਭਰਨ ਦਾ ਕੰਮ ਵੀ ਅਗਲੇ ਪਡ਼ਾਅ ਵਿਚ ਪੂਰਾ ਕਰ ਲਿਆ ਜਾਵੇਗਾ।
ਪਿਛਲੇ ਦਿਨੀਂ ਬਿਜਲੀ ਬਿੱਲ ਅਦਾ ਨਾ ਕਰਨ ’ਤੇ ਪਾਵਰਕਾਮ ਵਿਭਾਗ ਨੇ ਸੂਬੇ ਦੇ ਅੱਠ ਸਰਕਾਰੀ ਸਕੂਲਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਸਨ। ਇਸ ਸਬੰਧੀ ਸਿੱਖਿਆ ਮੰਤਰੀ ਨੇ ਕਿਹਾ ਕਿ ਬੱਚਿਆਂ ਦੀ ਪਡ਼੍ਹਾਈ ’ਚ ਬਿਜਲੀ ਸੰਕਟ ਅਡ਼ਿੱਕਾ ਨਾ ਬਣੇ, ਇਸ ਦੇ ਲਈ ਪਾਵਰਕਾਮ ਨੂੰ ਉਹ ਪੱਤਰ ਲਿਖਣ ਜਾ ਰਹੇ ਹਨ।
ਬੈਂਸ ਨੇ ਕਿਹਾ ਕਿ ਜੇ ਕਿਸੇ ਵੀ ਸਰਕਾਰੀ ਸਕੂਲ ਦਾ ਬਿਜਲੀ ਬਿੱਲ ਬਕਾਇਆ ਰਹਿੰਦਾ ਹੈ ਤਾਂ ਵਿਭਾਗ ਇਸ ਦੀ ਭਰਪਾਈ ਕਰੇਗਾ। ਇੰਨਾ ਹੀ ਨਹੀਂ, ਲੋਡ਼ ਪਈ ਤਾਂ ਉਹ ਆਪਣੀ ਤਨਖ਼ਾਹ ’ਚੋਂ ਵੀ ਬਿੱਲ ਦੀ ਭਰਪਾਈ ਕਰਨ ਲਈ ਤਿਆਰ ਹੋਣਗੇ।
ਸਰਕਾਰੀ ਸਕੂਲਾਂ ’ਚ ਵੀ ਕਿਤਾਬਾਂ ਦੇ ਪਹੁੰਚਣਗੇ ਬੰਡਲ
ਸਰਕਾਰੀ ਸਕੂਲਾਂ ’ਚ ਜਦੋਂ ਵੀ ਨਵੇਂ ਸੈਸ਼ਨ ਸ਼ੁਰੂ ਹੋਣ ਦੀ ਗੱਲ ਹੁੰਦੀ ਹੈ ਤਾਂ ਸੈਸ਼ਨ ਬੀਤਣ ਦੇ ਛੇ ਮਹੀਨਿਆਂ ਤਕ ਕਿਤਾਬਾਂ ਸਕੂਲਾਂ ਵਿਚ ਨਹੀਂ ਪਹੁੰਚਦੀਆਂ। ਇਸ ਸਵਾਲ ’ਤੇ ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਖੁਦ ਇਸ ’ਤੇ ਕੰਮ ਕਰ ਰਹੇ ਹਨ। ਜਿਸ ਤਰ੍ਹਾਂ ਨਿੱਜੀ ਸਕੂਲਾਂ ਵਿਚ ਕਿਤਾਬਾਂ ਦੇ ਬੰਡਲ ਪਹੁੰਚ ਜਾਂਦੇ ਹਨ, ਉਸੇ ਤਰ੍ਹਾਂ ਉਮੀਦ ਹੈ ਕਿ ਸਰਕਾਰੀ ਸਕੂਲਾਂ ਵਿਚ ਵੀ ਫਰਵਰੀ ਤਕ ਨਵੇਂ ਸੈਸ਼ਨ ਲਈ ਕਿਤਾਬਾਂ ਦੇ ਬੰਡਲ ਪਹੁੰਚ ਜਾਇਆ ਕਰਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h