ਚੰਡੀਗੜ੍ਹ – ਪਿਛਲੇ ਦਿਨੀ ਨਾਜਾਇਜ਼ ਕਬਜ਼ੇ ਕਰਨ ਦੇ ਦੋਸ਼ ਵਿਚ ਸਾਬਕਾ ਐਸਡੀਐਮ ਗੁਰਜੀਤ ਸਿੰਘ ਪੰਨੂ ਤੇ ਸਾਬਕਾ ਤਹਿਸੀਲਦਾਰ ਬਿਰਮ ਲਾਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਹੁਣ ਇਸ ਖ਼ਬਰ ਵਿਚ ਇਕ ਨਵੀਂ ਗੱਲ ਨੇ ਦਖ਼ਲ ਦਿੱਤਾ ਹੈ ਕਿ ਜੋ ਸਾਬਕਾ ਐਸਡੀਐਮ ਗੁਰਜੀਤ ਸਿੰਘ ਪੰਨੂ ਹਨ ਉਹ ਪੰਜਾਬੀ ਕਲਾਕਾਰ ਅਲਫਾਜ਼ ਦੇ ਪਿਤਾ ਹਨ। ਜਿਹਨਾਂ ਉਪਰ ਕੇਂਦਰ ਸਰਕਾਰ ਦੀ 150 ਕਰੋੜ ਦੀ ਜ਼ਮੀਨ ਹੜੱਪਣ ਦੇ ਦੋਸ਼ ਸਨ ਜੋ ਹੁਣ ਦੋਸ਼ੀ ਪਾਏ ਗਏ ਹਨ।
ਗੌਰਤਲਬ ਹੈ ਕਿ ਇਹ ਮਾਮਲਾ 9 ਸਾਲ ਪੁਰਾਣਾ ਹੈ। 11 ਦਸੰਬਰ 2012 ਨੂੰ ਮਾਲ ਮਹਿਕਮੇ ਦੇ 6 ਅਧਿਕਾਰੀਆਂ ਖਿਲਾਫ਼ ਕੇਂਦਰ ਸਰਕਾਰ ਦੀ 150 ਕਰੋੜ ਦੀ ਜ਼ਮੀਨ ਨੂੰ ਹੜੱਪਣ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਪਰ ਮਾਮਲਾ ਦਰਜ ਹੋਣ ਦੇ ਬਾਵਜੂਦ ਵੀ ਮੁਲਜ਼ਮ ਵੱਖ-ਵੱਖ ਅੁਹਦਿਆਂ ਉੱਤੇ ਨੌਕਰੀਆਂ ਕਰਦੇ ਰਹੇ।
ਪੁਲਿਸ ਦੀ ਰਿਪੋਰਟ ਪਹਿਲਾਂ ਦੋਸ਼ੀ ਆਸਾ ਸਿੰਘ ਤੋਂ ਇਲਾਵਾ ਮਾਲ ਮਹਿਕਮੇ ਦੇ ਅਧਿਕਾਰੀ ਨਾਇਬ ਤਹਿਸੀਲਦਾਰ ਮਦਨ ਮੋਹਨ, ਸੇਲ ਕਲਰਕ ਗੁਰਮੀਤ ਕੌਰ, ਅਸ਼ੋਕ ਕੁਮਾਰ ਪਟਵਾਰੀ, ਗੁਰਦਿਆਲ ਸਿੰਘ ਕਾਨੂੰਗੋ, ਬਿਰਮ ਲਾਲ ਕਾਨੂੰਗੋ, ਬਲਵੰਤ ਸਿੰਘ ਕਾਨੂੰਗੋ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਬਾਅਦ ਵਿਚ ਹੋਈਆਂ ਇਨਕੁਆਰੀਆਂ ਤੋਂ ਬਾਅਦ ਰਿਟਾਇਰਡ ਐੱਸਡੀਐੱਮ ਗੁਰਜੀਤ ਸਿੰਘ ਪੰਨੂ ( ਪੰਜਾਬੀ ਗਾਇਕ ਅਲਫਾਜ਼ ਦੇ ਪਿਤਾ) ਅਤੇ ਰਿਟਾਇਰਡ ਐੱਸਡੀਐੱਮ ਭੁਪਿੰਦਰ ਸਿੰਘ ਨੂੰ ਵੀ ਮਾਮਲੇ ਵਿਚ ਸ਼ਾਮਲ ਕੀਤਾ ਗਿਆ ਸੀ।