ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜਿਆਂ ’ਚ ਆਮ ਆਦਮੀ ਪਾਰਟੀ ਦੀ 92 ਸੀਟਾਂ ਨਾਲ ਵੱਡੀ ਜਿੱਤ ਦਰਜ ਕੀਤੀ ਤੇ ਆਮ ਆਦਮੀ ਪਾਰਟੀ ਦੇ ਹੱਕ ’ਚ ਚੱਲੇ ਤੂਫਾਨ ਨੇ ਵੱਡੇ-ਵੱਡੇ ਸਿਆਸੀ ਥੰਮ੍ਹਾਂ ਨੂੰ ਵੀ ਢਾਹ-ਢੇਰੀ ਕਰ ਦਿੱਤਾ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਅੱਜ ਅੰਮ੍ਰਿਤਸਰ ਵਿਖੇ ਨਗਰ ਨਿਗਮ ਦੇ 16 ਮੌਜੂਦਾ ਕੌਂਸਲਰਾਂ ਪਾਰਟੀ ‘ਚ ਸ਼ਾਮਿਲ ਕਰ ਇਕ ਵੱਡਾ ਧਮਾਕਾ ਕੀਤਾ ਹੈ। ਅੱਜ ਅੰਮ੍ਰਿਤਸਰ ਨਗਰ ਨਿਗਮ ਦੇ 16 ਮੌਜੂਦਾ ਕੌਂਸਲਰ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਪੰਜਾਬ ਇੰਚਾਰਜ ਜਰਨੈਲ ਸਿੰਘ ਦੀ ਹਾਜ਼ਰੀ ‘ਚ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ।
ਦੱਸ ਦੇਈਏ ਕਿ ਇਨ੍ਹਾਂ ਕੌਂਸਲਰਾਂ ’ਚ ਜ਼ਿਆਦਾਤਰ ਕੌਂਸਲਰ ਕਾਂਗਰਸ ਦੇ ਹਨ। ਕਾਂਗਰਸੀ ਮੇਅਰ ਕਰਮਜੀਤ ਸਿਘ ਰਿੰਟੂ ਦੀ ਅਗਵਾਈ ’ਚ ਕੌਂਸਲਰ ਪ੍ਰਦੀਪ ਸ਼ਰਮਾ, ਨੀਤੂ ਟਾਂਗਰੀ, ਜਤਿੰਦਰ ਸੋਨੀਆ, ਜਗਦੀਸ਼ ਕਾਲੀਆ, ਰਾਜੇਸ਼ ਮਦਾਨ, ਪ੍ਰਿਯੰਕਾ ਸ਼ਰਮਾ ਆਦਿ ਸ਼ਾਮਿਲ ਹੋਏ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ’ਤੇ ਪੋਸਟ ਕਰਦਿਆਂ ਦਿੱਤੀ।