ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸੀਐਮ ਉਮੀਦਵਾਰ ਭਗਵੰਤ ਮਾਨ 16 ਮਾਰਚ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਇਸ ਸਮਾਗਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਮਾਗਮ ਵਿੱਚ ਸੀਐਮ ਸਮੇਤ 17 ਮੰਤਰੀਆਂ ਨੇ ਆਪਣੇ ਅਹੁਦਿਆਂ ਦੀ ਸਹੁੰ ਚੁੱਕਣੀ ਸੀ ਪਰ ਹੁਣ 16 ਮਾਰਚ ਨੂੰ ਸਿਰਫ਼ ਸੀਐਮ ਅਹੁਦੇ ਲਈ ਸਹੁੰ ਚੁੱਕ ਸਮਾਗਮ ਹੋਵੇਗਾ। ਹੋਰ 16 ਮੰਤਰੀ ਬਾਅਦ ਵਿੱਚ ਸਹੁੰ ਚੁੱਕਣਗੇ।
ਦੱਸ ਦੇਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਕਨਵੀਨਰ ਅੱਜ ਅੰਮ੍ਰਿਤਸਰ ‘ਚ ਹਨ। ਰੋਡ ਸ਼ੋਅ ਤੋਂ ਪਹਿਲਾਂ ਉਨ੍ਹਾਂ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨਾਲ ਸੀਐਮ ਉਮੀਦਵਾਰ ਭਗਵੰਤ ਮਾਨ ਵੀ ਮੌਜੂਦ ਸਨ।
ਕੇਜਰੀਵਾਲ ਨੇ ਅੱਜ ਦੁਰਗਿਆਣਾ ਮੰਦਰ ਦਾ ਦੌਰਾ ਕੀਤਾ ਅਤੇ ਜਲਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਇਸ ਤੋਂ ਇਲਾਵਾ ਭਗਵੰਤ ਮਾਨ ਸੋਮਵਾਰ ਨੂੰ ਚੰਡੀਗੜ੍ਹ ਸਥਿਤ ਰਾਜ ਭਵਨ ਪੁੱਜੇ ਅਤੇ ਰਾਜਪਾਲ ਬਨਵਾਰੀ ਲਾਲ ਨਾਲ ਮੁਲਾਕਾਤ ਕਰਕੇ ਸੂਬੇ ਵਿੱਚ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਅਤੇ 16 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ 12.30 ਵਜੇ ਸਮਾਗਮ ਹੋਵੇਗਾ।