ਕੋਰੋਨਾ ਦੀ ਦੂਜੀ ਲਹਿਰ ਦੌਰਾਨ ਸਰਕਾਰ ਦੇ ਵੱਲੋਂ ਬਹੁਤ ਸਾਰੇੇ ਇਤਿਹਾਸਕ ਸਥਾਨ ਬੰਦ ਕਰ ਦਿੱਤੇ ਗਏ ਸਨ |ਸਰਕਾਰ ਦੇ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਹੌਲੀ ਹੌਲੀ ਹਟਾਈਆਂ ਜਾ ਰਹੀਆਂ ਹਨ| ਇਸ ਦੇ ਤਹਿਤ ਹੁਣ ਕੋਰੋਨਾ ਕਾਰਨ ਬੰਦ ਸਾਰੇ ਇਤਿਹਾਸਕ ਸਥਾਨਾਂ ਨੂੰ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ।
ਕੇਂਦਰ ਸਰਕਾਰ ਨੇ 16 ਜੂਨ ਤੋਂ ਦੇਸ਼ ਦੀਆਂ ਸਾਰੀਆਂ ਇਤਿਹਾਸਤ ਇਮਾਰਤਾਂ ਨੂੰ ਖੋਲ੍ਹਣ ਦਾ ਐਲਾਨ ਕੀਤਾ ਹੈ। ਯਾਨੀ 16 ਜੂਨ ਤੋਂ ਸੈਲਾਨੀਆਂ ਨੂੰ ਇਨ੍ਹਾਂ ਸਾਰੇ ਸਮਾਰਕਾਂ ਦੇ ਦੀਦਾਰ ਕਰਨ ਦੀ ਆਗਿਆ ਦਿੱਤੀ ਜਾਏਗੀ। ਦੱਸ ਦਈਏ ਕਿ ਕੋਰੋਨਾ ਦੀ ਵੱਧ ਰਹੇ ਮਾਮਲਿਆ ਕਾਰਨ ਦੇਸ਼ ਦੇ ਸਾਰੇ ਸਮਾਰਕਾਂ ਨੂੰ 15 ਅਪ੍ਰੈਲ ਤੋਂ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਪਹਿਲਾਂ ਇਹ ਪਾਬੰਦੀਆਂ 15 ਮਈ ਤੱਕ ਸਨ। ਪਰ ਬਾਅਦ ਵਿੱਚ ਇਨ੍ਹਾਂ ਨੂੰ 31 ਮਈ ਤੱਕ ਵਧਾ ਦਿੱਤਾ ਗਿਆ ਸੀ।
ਕੇਂਦਰੀ ਸੈਰ-ਸਪਾਟਾ ਅਤੇ ਸਭਿਆਚਾਰ ਰਾਜ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਸ ਦੀ ਘੋਸ਼ਣਾ ਕੀਤੀ। ਉਨ੍ਹਾਂ ਟਵਿੱਟਰ ‘ਤੇ ਲਿਖਿਆ,’ ਅੱਜ, ਸੈਰ-ਸਪਾਟਾ ਮੰਤਰਾਲੇ ਨੇ 16 ਜੂਨ 2021 ਤੋਂ ਸਾਰੇ ਸਮਾਰਕਾਂ ਨੂੰ ਨਿਯਮਤ ਤੌਰ ‘ਤੇ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਯਾਤਰੀ ਕੋਰੋਨਾ ਨਿਯਮਾਂ ਦੀ ਪਾਲਣਾ ਕਰਦਿਆਂ ਸਮਾਰਕਾਂ ‘ਤੇ ਜਾ ਸਕਦੇ ਹਨ।
ਆਦੇਸ਼ ਅਨੁਸਾਰ, ਭਾਰਤ ਦੇ ਪੁਰਾਤੱਤਵ ਸਰਵੇਖਣ (ਏਐਸਆਈ) ਦੇ ਅਧੀਨ ਆਉਣ ਵਾਲੇ ਸਾਰੇ ਸਮਾਰਕਾਂ ਅਤੇ ਅਜਾਇਬ ਘਰਾਂ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਰਾਜ ਦੇ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਏਗੀ ਜਿਸ ਵਿੱਚ ਇਹ ਸਮਾਰਕ ਸਥਿਤ ਹਨ।
ਦੱਸ ਦਈਏ ਕਿ ਪਿਛਲੇ ਸਾਲ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਤਾਜ ਮਹਿਲ ਅਤੇ ਹੋਰ ਸਾਰੇ ਸਮਾਰਕਾਂ ਨੂੰ 17 ਮਾਰਚ ਤੋਂ ਬੰਦ ਕਰ ਦਿੱਤਾ ਗਿਆ ਸੀ। ਮਾਹਰ ਕਹਿੰਦੇ ਹਨ ਕਿ ਅਜੋਕੇ ਸਮੇਂ ਵਿੱਚ ਕੋਰੋਨਾ ਕਾਰਨ ਸੈਰ-ਸਪਾਟਾ ਉਦਯੋਗ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਕੋਰੋਨਾ ਕਾਰਨ ਵਿਦੇਸ਼ੀ ਸੈਲਾਨੀਆਂ ਦੀ ਆਮਦ ਉਤੇ ਪਾਬੰਦੀ ਹੈ।