ਪਹਿਲਵਾਨ ਸਾਗਰ ਧਨਖੜ ਕਤਲ ਕੇਸ ਵਿੱਚ ਓਲੰਪਿਕ ਤਗ਼ਮਾ ਜੇਤੂ ਸੁਸ਼ੀਲ ਕੁਮਾਰ ਅਤੇ 17 ਹੋਰਾਂ ਖ਼ਿਲਾਫ਼ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ। ਦਿੱਲੀ ਦੀ ਇੱਕ ਅਦਾਲਤ ਨੇ ਜੂਨੀਅਰ ਪਹਿਲਵਾਨ ਸਾਗਰ ਧਨਖੜ ਦੀ ਹੱਤਿਆ ਦੇ ਮਾਮਲੇ ਵਿੱਚ ਸੁਸ਼ੀਲ ਕੁਮਾਰ ਅਤੇ 17 ਹੋਰਾਂ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੇ ਦੋਸ਼ ਆਇਦ ਕੀਤੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਦੋ ਫ਼ਰਾਰ ਮੁਲਜ਼ਮਾਂ ਖ਼ਿਲਾਫ਼ ਵੀ ਦੋਸ਼ ਆਇਦ ਕਰ ਦਿੱਤੇ ਹਨ।
ਪਿਛਲੇ ਸਾਲ ਮਈ ਵਿੱਚ ਜੂਨੀਅਰ ਰਾਸ਼ਟਰੀ ਚੈਂਪੀਅਨ ਪਹਿਲਵਾਨ ਸਾਗਰ ਧਨਖੜ ਦੀ ਹੱਤਿਆ ਨੇ ਖੇਡ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਸੀ। 4 ਮਈ 2021 ਨੂੰ ਦਿੱਲੀ ਦੇ ਛਤਰਸਾਲ ਸਟੇਡੀਅਮ ‘ਚ ਸੋਨੀਪਤ ਦੇ ਰਹਿਣ ਵਾਲੇ ਸਾਗਰ ਧਨਖੜ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।
ਇਸ ਤੋਂ ਬਾਅਦ ਦਿੱਲੀ ਪੁਲਸ ਨੇ ਓਲੰਪੀਅਨ ਸੁਸ਼ੀਲ ਕੁਮਾਰ ਅਤੇ ਉਸ ਦੇ ਕੁਝ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ।ਦਿੱਲੀ ਦੀ ਰੋਹਿਣੀ ਅਦਾਲਤ ਨੇ ਜੂਨੀਅਰ ਪਹਿਲਵਾਨ ਸਾਗਰ ਧਨਖੜ ਕਤਲ ਕੇਸ ਵਿੱਚ ਇਸਤਗਾਸਾ ਪੱਖ ਅਤੇ ਮੁਲਜ਼ਮਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋਸ਼ ਆਇਦ ਕਰਨ ਬਾਰੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਅੱਜ ਸਾਰਿਆਂ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ।ਇਸ ਤੋਂ ਪਹਿਲਾਂ ਜਨਵਰੀ ‘ਚ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਸੁਸ਼ੀਲ ਕੁਮਾਰ ਖਿਲਾਫ ਸਪਲੀਮੈਂਟਰੀ ਚਾਰਜਸ਼ੀਟ ਦਾਖਲ ਕੀਤੀ ਸੀ। ਇਹ ਚਾਰਜਸ਼ੀਟ ਸੁਸ਼ੀਲ ਕੁਮਾਰ ਦੇ ਬਾਡੀਗਾਰਡ ਅਨਿਲ ਧੀਮਾਨ ਅਤੇ ਹੋਰ ਦੋਸ਼ੀਆਂ ਦੇ ਬਿਆਨਾਂ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ।
ਇਹ ਘਟਨਾ 05 ਮਈ 2021 ਦੀ ਹੈ। ਧੀਮਾਨ ਨੇ ਪੁਲਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਉਹ 2019 ਤੋਂ ਸੁਸ਼ੀਲ ਕੁਮਾਰ ਨਾਲ ਕੰਮ ਕਰ ਰਿਹਾ ਸੀ। ਉਹ ਸੁਸ਼ੀਲ ਦੇ ਨਿੱਜੀ ਅਤੇ ਸਰਕਾਰੀ ਦੋਵੇਂ ਕੰਮ ਦੇਖਦਾ ਸੀ। ਧੀਮਾਨ ਨੇ ਦੱਸਿਆ ਕਿ ਉਹ ਵੀ 4-5 ਮਈ 2021 ਦੀ ਰਾਤ ਨੂੰ ਸੁਸ਼ੀਲ ਦੇ ਨਾਲ ਸੀ। ਉਸ ਦਿਨ ਸੁਸ਼ੀਲ ਨੇ ਕਈ ਲੋਕਾਂ ਨੂੰ ਬਾਸਕਟਬਾਲ ਮੈਦਾਨ ‘ਤੇ ਬੁਲਾਇਆ ਸੀ ਕਿ ਉਸ ਨੇ ‘ਕੁਝ ਲੋਕਾਂ ਨੂੰ ਸਬਕ ਸਿਖਾਉਣਾ ਹੈ’।
ਦਿੱਲੀ ਪੁਲਸ ਦੀ ਚਾਰਜਸ਼ੀਟ ‘ਚ ਸੁਸ਼ੀਲ ਦੇ ਨਾਲ-ਨਾਲ ਰਾਹੁਲ ਨੂੰ ਜੂਨੀਅਰ ਪਹਿਲਵਾਨ ਸਾਗਰ ਧਨਖੜ ਦੀ ਹੱਤਿਆ ‘ਚ ਵੀ ਦੋਸ਼ੀ ਬਣਾਇਆ ਗਿਆ ਹੈ। ਰਾਹੁਲ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਸੁਸ਼ੀਲ ਅਤੇ ਮੇਰੇ ਨਾਲ ਇੱਕ ਹੋਰ ਸਾਥੀ ਸੀ। ਜਦੋਂ ਅਸੀਂ ਸਟੇਡੀਅਮ ਪਹੁੰਚੇ ਤਾਂ ਦੇਖਿਆ ਕਿ ਉੱਥੇ ਕੁਝ ਕੋਚ ਅਤੇ ਪਹਿਲਵਾਨ ਮੌਜੂਦ ਹਨ। ਜਦੋਂ ਅਸੀਂ ਆਏ ਤਾਂ ਕੁਝ ਕੁੱਤੇ ਸੁਸ਼ੀਲ ਨੂੰ ਦੇਖ ਕੇ ਭੌਂਕਣ ਲੱਗੇ। ਉਸ ਸਮੇਂ ਸੁਸ਼ੀਲ ਨੂੰ ਬਹੁਤ ਗੁੱਸਾ ਆਇਆ, ਉਸ ਨੇ ਕੁੱਤਿਆਂ ‘ਤੇ ਗੋਲੀਆਂ ਚਲਾ ਦਿੱਤੀਆਂ।
ਚਾਰਜਸ਼ੀਟ ਮੁਤਾਬਕ ਸੁਸ਼ੀਲ ਨੇ ਉਸ ਨੂੰ ਬੇਰਹਿਮੀ ਨਾਲ ਕੁੱਟਣ ਦੀ ਗੱਲ ਕਹੀ ਸੀ। ਇਸ ਨੂੰ ਜਿਉਂਦਾ ਨਾ ਛੱਡੋ। ਧੀਮਾਨ ਨੇ ਦੱਸਿਆ ਕਿ ਅਸੀਂ ਉਸ ਨੂੰ ਡੰਡਿਆਂ, ਹਾਕੀ ਸਟਿੱਕਾਂ ਅਤੇ ਬੇਸਬਾਲ ਬੈਟਾਂ ਨਾਲ ਕੁੱਟਿਆ। ਅਸੀਂ ਸਾਗਰ ਅਤੇ ਜੈ ਭਗਵਾਨ ਨੂੰ ਮਾਰਨਾ ਚਾਹੁੰਦੇ ਸੀ ਕਿਉਂਕਿ ਸੁਸ਼ੀਲ ਨੇ ਸਾਨੂੰ ਅਜਿਹਾ ਕਰਨ ਲਈ ਕਿਹਾ ਸੀ।