ਅਮਰੀਕਾ ਦੇ ਟੈਕਸਸ ਦੇ ਇੱਕ ਸਕੂਲ ਵਿੱਚ ਹੋਈ ਭਿਆਨਕ ਗੋਲੀਬਾਰੀ ਦੌਰਾਨ 18 ਬੱਚਿਆਂ ਅਤੇ 03 ਬਾਲਗਾਂ ਦੀ ਮੌਤ ਹੋ ਗਈ ਹੈ। ਇਹ ਹਮਲਾ ਟੈਕਸਸ ਦੇ ਰੌਬਜ਼ ਐਲੀਮੈਂਟਰੀ ਸਕੂਲ ਵਿੱਚ ਹੋਇਆ, ਜੋ ਕਿ ਸੈਨ ਐਂਟੋਨੀਓ ਤੋਂ ਕਰੀਬ 80 ਮੀਲ ਦੂਰ ਹੈ। ਸ਼ੱਕੀ ਹਮਲਾਵਰ 18 ਸਾਲਾ ਨੌਜਵਾਨ ਸੀ। ਟੈਕਸਾਸ ਦੇ ਗਵਰਨਰ ਮੁਤਾਬਕ ਇਸ ਨੌਜਵਾਨ ਦਾ ਨਾਂ ਸਲਵਾਡੋਰ ਰਾਮੋਸ ਸੀ। ਰਿਪੋਰਟਾਂ ਮੁਤਾਬਕ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਹਮਲਾਵਰ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਜ਼ਿਆਦਾਤਰ ਦੂਜੀ, ਤੀਜੀ ਅਤੇ ਚੌਥੀ ਜਮਾਤ ਦੇ ਬੱਚੇ ਸਨ, ਜਿਨ੍ਹਾਂ ਦੀ ਉਮਰ 7 ਤੋਂ 10 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।
ਰਾਸ਼ਟਰਪਤੀ ਨੇ ਪ੍ਰਗਟਾਇਆ ਦੁੱਖ
ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ‘ਤੇ ਸੋਗ ਜਤਾਉਂਦੇ ਹੋਏ ਕਿਹਾ, “ਬੱਚੇ ਨੂੰ ਗੁਆਉਣਾ ਤੁਹਾਡੇ ਦਿਲ ਦੇ ਟੁਕੜੇ ਨੂੰ ਗੁਆਉਣ ਦੇ ਬਰਾਬਰ ਹੈ”। ”ਇਹ ਤੁਹਾਡੇ ਸੀਨੇ ਵਿੱਚ ਖਾਲੀਪਣ ਛੱਡ ਜਾਂਦਾ ਹੈ ਅਤੇ ਚੀਜ਼ਾਂ ਦੁਬਾਰਾ ਕਦੇ ਵੀ ਪਹਿਲਾਂ ਵਾਂਗ ਨਹੀਂ ਰਹਿਣਗੀਆਂ।” ਬਾਇਡਨ ਦੇ ਨਾਲ ਉਨ੍ਹਾਂ ਦੇ ਪਤਨੀ ਅਤੇ ਫਸਟ ਲੇਡੀ ਜਿਲ ਬਾਇਡੇਨ ਵੀ ਮੌਜੂਦ ਸਨ। ਬਾਇਡਨ ਨੇ ਸਵਾਲ ਕੀਤਾ, “ਰੱਬ ਦੇ ਨਾਮ ‘ਤੇ ਅਸੀਂ ਕਦੋਂ ਇਸ ਗਨ-ਲਾਬੀ ਦੇ ਖ਼ਿਲਾਫ਼ ਖੜ੍ਹੇ ਹੋਵਾਂਗੇ? ਮੈਂ ਇਸ ਤੋਂ ਥੱਕ ਚੁੱਕਿਆ ਹਾਂ। ਸਾਨੂੰ ਕਾਰਵਾਈ ਕਰਨੀ ਪਵੇਗੀ।”
ਵ੍ਹਾਈਟ ਹਾਊਸ ਤੋਂ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ, “ਇਹ ਵਿਚਾਰ ਕਿ ਇੱਕ 18 ਸਾਲ ਦਾ ਬੱਚਾ ਇੱਕ ਸਟੋਰ ਵਿੱਚ ਜਾ ਸਕਦਾ ਹੈ ਅਤੇ ਦੋ ਹਮਲਾਵਰ ਹਥਿਆਰ ਖਰੀਦ ਸਕਦਾ ਹੈ, ਬਿਲਕੁਲ ਗਲਤ ਹੈ।” “ਇਸ ਤਰ੍ਹਾਂ ਦੀ ਸਮੂਹਿਕ ਗੋਲੀਬਾਰੀ ਦੁਨੀਆ ਵਿੱਚ ਕਿਤੇ ਵੀ ਘੱਟ ਹੀ ਵਾਪਰਦੀ ਹੈ।” ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਸ਼ਨੀਵਾਰ, 28 ਮਈ ਨੂੰ ਸੂਰਜ ਡੁੱਬਣ ਤੱਕ ਦੇਸ਼ ਦੇ ਝੰਡੇ ਨੂੰ ਅੱਧਾ ਝੁਕਾਉਣ ਦੇ ਆਦੇਸ਼ ਵੀ ਦਿੱਤੇ ਹਨ।
ਇਸ ਦੇ ਨਾਲ ਹੀ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਹਮਲੇ ਤੋਂ ਬਾਅਦ ਨਵੀਂ ਬੰਦੂਕ ਨੀਤੀ ਦੀ ਮੰਗ ਉਠਾਈ ਹੈ, ਤਾਂ ਜੋ ਭਵਿੱਖ ਵਿੱਚ ਅਜਿਹੇ ਮਾਮਲੇ ਨਾ ਦੁਹਰਾਏ ਜਾਣ।
ਵਾਸ਼ਿੰਗਟਨ ਵਿੱਚ ਇੱਕ ਸਮਾਗਮ ਦੌਰਾਨ ਕਮਲਾ ਹੈਰਿਸ ਨੇ ਕਿਹਾ, “ਜਦੋਂ ਵੀ ਅਜਿਹਾ ਹਾਦਸਾ ਵਾਪਰਦਾ ਹੈ, ਉਹ ਸਾਡੇ ਦਿਲਾਂ ਨੂੰ ਤੋੜਦਾ ਹੈ, ਪਰ ਫਿਰ ਵੀ ਅਜਿਹਾ ਹੋ ਰਿਹਾ ਹੈ”।
”ਇੱਕ ਰਾਸ਼ਟਰ ਦੇ ਰੂਪ ਵਿੱਚ, ਸਾਨੂੰ ਸਖ਼ਤ ਕਾਰਵਾਈ ਕਰਨ ਦੀ ਹਿੰਮਤ ਹੋਣੀ ਚਾਹੀਦੀ ਹੈ ਅਤੇ ਇੱਕ ਨਵੀਂ ਹਥਿਆਰ ਨੀਤੀ ਲਿਆਂਦੀ ਜਾਣੀ ਚਾਹੀਦੀ ਹੈ ਤਾਂ ਜੋ ਅਜਿਹਾ ਦੁਬਾਰਾ ਨਾ ਹੋਵੇ।”