ਚੰਡੀਗੜ੍ਹ/ਮੋਹਾਲੀ : ਪੰਜਾਬੀ ਦੀ ਕਹਾਵਤ ਹੈ ਕਿ ਉੱਗਣ ਵਾਲੇ ਉਗ ਜਾਂਦੇ ਨੇ ਪੱਥਰਾਂ ਦਾ ਸੀਨਾ ਪਾੜ ਕੇ। ਕਿਸੇ ਵਿਅਕਤੀ ਸਾਹਮਣੇ ਕਿੰਨੀਆਂ ਵੀ ਮੁਸ਼ਕਲਾਂ ਜਾਂ ਚੂਣੌਤੀਆਂ ਹੋਣ ਜੇਕਰ ਉਹ ਆਪਣੇ ਮਨ ਵਿਚ ਠਾਣ ਲਵੇ ਤਾਂ ਉਹ ਸਖ਼ਤ, ਮਿਹਨਤ ਤੇ ਲਗਨ ਨਾਲ ਆਪਣੀ ਮੰਜ਼ਿਲ ਨੂੰ ਸਰ ਕਰ ਹੀ ਜਾਂਦੇ ਹਨ।ਅਜਿਹਾ ਹੀ ਕਾਰਨਾਮਾ ਚੰਡੀਗੜ੍ਹ ਦੀ 18 ਸਾਲਾ ਜਾਨਵੀ ਜਿੰਦਲ ਨੇ ਕਰ ਦਿਖਾਇਆ ਹੈ, ਜਿਸ ਨੇ ਫਰੀਸਟਾਈਲ ਸਕੇਟਿੰਗ ਵਿਚ 6 ਨਵੇਂ ਗਿਨੀਜ਼ ਵਰਲਡ ਰਿਕਾਰਡ ਆਪਣੇ ਨਾਮ ਕਰ ਕੇ ਮਿਸਾਲ ਕਾਇਮ ਕੀਤੀ ਹੈ।ਇਸ ਦੇ ਨਾਲ ਹੀ, ਉਹ ਭਾਰਤ ਦੀ ਪਹਿਲੀ ਮਹਿਲਾ ਬਣ ਗਈ ਹੈ, ਜਿਸ ਦੇ ਨਾਮ ’ਤੇ 11 ਤੋਂ ਜ਼ਿਆਦਾ ਗਿਨੀਜ਼ ਆਫ਼ ਵਰਲਡ ਰਿਕਾਰਡ ਦਰਜ ਹਨ।
ਜਾਨਵੀ ਦੇ ਨਾਮ ’ਤੇ ਪਹਿਲਾਂ ਹੀ 5 ਗਿਨੀਜ਼ ਵਰਲਡ ਰਿਕਾਰਡ ਦਰਜ਼ ਸਨ ਅਤੇ ਪਿਛਲੇ ਹਫ਼ਤੇ ਉਸ ਨੇ ਇਨਲਾਈਨ ਸਕੇਟਸ ’ਤੇ 30 ਸਕਿੰਟਾਂ ਵਿਚ ਸਭ ਤੋਂ ਜ਼ਿਆਦਾ 360 ਡਿਗਰੀ ’ਤੇ ਘੁੰਮਾਉਣ, ਇੱਕ ਮਿੰਟ ਵਿਚ ਇਨਲਾਈਨ ਸਕੇਟਸ ’ਤੇ ਸਭ ਤੋਂ ਜ਼ਿਆਦਾ 360 ਡਿਗਰੀ ’ਤੇ ਘੁੰਮਾਉਣ ਤੇ 30 ਸਕਿੰਟਾਂ ਵਿਚ ਇਨਲਾਈਨ ਸਕੇਟਸ ’ਤੇ ਸਭ ਤੋਂ ਜ਼ਿਆਦਾ ਇੱਕ ਟਾਇਰ 360 ਡਿਗਰੀ ’ਤੇ ਘੁੰਮਾਉਣ ਵਰਗੇ 6 ਨਵੇਂ ਰਿਕਾਰਡ ਬਣਾਏ ਹਨ। ਇਸ ਤੋਂ ਪਹਿਲਾਂ, ਜੁਲਾਈ 2025 ਵਿਚ ਜਨਵੀ ਨੇ ਵੱਖ-ਵੱਖ ਫਰੀ ਸਟਾਈਲ ਸਕੇਟਿੰਗ ਸ਼੍ਰੇਣੀਆਂ ਵਿਚ 5 ਗਿਨੀਜ਼ ਰਿਕਾਰਡ ਵੀ ਹਾਸਲ ਕਰ ਚੁੱਕੀ ਹੈ।ਇਨ੍ਹਾਂ ਉਪਲਬੱਧੀਆਂ ਕਰ ਕੇ ਜਾਨਵੀਂ ਦੇਸ਼ ਦੀ ਦੂਜੀ ਸਭ ਤੋਂ ਵੱਡੀ ਗਿਨੀਜ਼ ਵਰਲਡ ਰਿਕਾਰਡ ਹਾਸਲ ਕਰਨ ਵਾਲੀ ਬਣ ਗਈ ਹੈ। ਉਸ ਤੋਂ ਅੱਗੇ ਦੇਸ਼ ਦੇ ਮਹਾਨ ਕਿ੍ਰਕਟਰ ਸਚਿਨ ਤੇਂਦੁਲਕਰ ਹਨ, ਜਿਨ੍ਹਾਂ ਦੇ ਨਾਮ ’ਤੇ 19 ਰਿਕਾਰਡ ਦਰਜ ਹਨ। ਜ਼ਿਕਰਯੋਗ ਹੈ ਕਿ ਜਾਨਵੀ ਨੇ ਇਹ ਮੁਕਾਮ ਸਿਰਫ 17 ਸਾਲ ਦੀ ਉਮਰ ਵਿਚ ਹਾਸਲ ਕੀਤਾ ਹੈ।
ਜਾਨਵੀ ਨੇ ਆਪਣੇ ਪਿਤਾ ਮਨੀਸ਼ ਜਿੰਦਲ ਦੇ ਨਾਲ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਸ਼ਾਨਦਾਰ ਮੁਕਾਮ ਹਾਸਲ ਕਰਨ ਲਈ ਵਧਾਈ ਦਿੱਤੀ ਅਤ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਜਾਨਵੀ ਦੀ ਪ੍ਰਤੀਭਾ ਤੇ ਕੌਮਾਂਤਰੀ ਪੱਧਰ ’ਤੇ ਕੀਤੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਜਿਥੇ 11000 ਰੁਪਏ ਦਾ ਨਕਦ ਇਨਾਮ ਦਿੱਤਾ। ਉਥੇ ਹੀ ਸਪੋਰਟਸ ਸਕਾਰਲਸ਼ਿਪ ਦੇ ਤਹਿਤ ਚੰਡੀਗੜ੍ਹ ਯੂਨੀਵਰਸਿਟੀ ਵਿਚ ਦਾਖਲੇ ਲਈ ਪੇਸ਼ਕਸ਼ ਕੀਤੀ ਅਤੇ ਉਨ੍ਹਾਂ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਅਜਿਹੇ ਖਿਡਾਰੀਆਂ ਦਾ ਸਮਰਥਨ ਤੇ ਮਦਦ ਕਰਨ ਲਈ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।
ਸੰਧੂ ਨੇ ਕਿਹਾ ਕਿ 18 ਸਾਲਾ ਜਾਨਵੀ ਦੇ ਨਾਮ ’ਤੇ 11 ਗਿਨੀਜ਼ ਵਰਲਡ ਰਿਕਾਰਡ ਹਾਸਲ ਕਰਨਾ ਸੱਚਮੁੱਚ ਸ਼ਾਨਦਾਰ ਪ੍ਰਾਪਤੀ ਹੈ। ਉਸ ਨੇ ਆਪਣੀ ਸਖ਼ਤ, ਮਿਹਨਤ, ਲਗਨ ਅਤੇ ਆਪਣੀ ਪ੍ਰਤੀਭਾ ਦੇ ਨਾਲ ਦੇਸ਼ ਦਾ ਮਾਣ ਵਧਾਇਆ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਹਮੇਸ਼ਾ ਹੀ ਖੇਡਾਂ ਵੱਲ ਨੌਜਵਾਨਾਂ ਨੂੰ ਉਤਸ਼ਾਹਿਤ ਕਰ ਕੇ ਚੰਗੇ ਖਿਡਾਰੀ ਨੂੰ ਤਿਆਰ ਕਰਨ ’ਤੇ ਜੋਰ ਦਿੱਤਾ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਵੱਕਾਰੀ ਮਾਕਾ ਟਰਾਫ਼ੀ ਜਿੱਤਣ ਤੋਂ ਲੈ ਕੇ ਵੱਖ-ਵੱਖ ਖੇਡਾਂ ਵਿਚ ਕਈ ਕੌਮੀ ਅਤੇ ਕੌਮਾਂਤਰੀ ਤਮਗਾ ਜੇਤੂ ਖਿਡਾਰੀਆਂ ਨੂੰ ਤਿਆਰ ਕੀਤਾ ਹੈ। ਜੋ ਕਿ ਸਾਡੀ ਵਚਨਬੱਧਤਾ ਦਾ ਸਭ ਤੋਂ ਵੱਡਾ ਪ੍ਰਮਾਣ ਹੈ। ਸਾਨੂੰ ਜਾਨਵੀ ਦੀ ਇਸ ਯਾਤਰਾ ਵਿਚ ਸਾਥ ਦੇਣ ਲਈ ਖੁਸ਼ੀ ਹੋ ਰਹੀ ਹੈ ਅਤੇ ਸਾਨੂੰ ਪੂਰਾ ਭਰੋਸਾ ਹੈ ਕਿ ਉਹ ਭਵਿੱਖ ਵਿਚ ਵੀ ਹੋਰ ਬੁਲੰਦੀਆਂ ਨੂੰ ਸਰ ਕਰੇਗੀ।
ਚੰਡੀਗੜ੍ਹ ਦੇ ਇੱਕ ਸਰਕਾਰੀ ਸਕੂਲ ’ਚ 12ਵੀਂ ਦੀ ਸਿੱਖਿਆ ਹਾਸਲ ਕਰ ਰਹੀ ਜਾਨਵੀ ਨੇ ਆਪਣੇ ਪਿਤਾ ਤੇ ਇੰਟਰਨੈੱਟ ਦੀ ਸਹਾਇਤਾ ਨਾਲ ਖੁਦ ਹੀ ਫਰੀਸਟਾਈਲ ਸਕੇਟਿੰਗ ਦੀ ਸਿਖਲਾਈ ਪ੍ਰਾਪਤ ਕੀਤੀ ਹੈ।ਕੌਮੀ ਸਕੇਟਿੰਗ ਚੈਂਪੀਅਨਸ਼ਿਪ ਵਿਚ 3 ਸੋਨੇ ਤੇ ਸਿਲਵਰ ਮੈਡਲ ਜਿੱਤ ਚੁੱਕੀ ਹੈ ਅਤੇ ਆਉਣ ਵਾਲੇ ਕੌਮੀ ਮੁਕਾਬਲਿਆਂ ਦੀ ਤਿਆਰੀ ਕਰ ਰਹੀ ਹੈ। ਜਦੋਂ ਜਾਨਵੀ ਨੂੰ ਭਵਿੱਖ ਦੀਆਂ ਯੋਜਨਾਵਾਂ ਬਾਰੇ ਪੁੱਛਿਆ ਤਾਂ ਉਸ ਨੇ ਆਪਣੀਆਂ ਸੀਮਾਂ ਤੋਂ ਅੱਗੇ ਵੱਧਣ ਦੇ ਦਿ੍ਰੜ੍ਹ ਸੰਕਲਪ ਦਾ ਪ੍ਰਗਟਾਵਾ ਕੀਤਾ।
ਜਾਨਵੀ ਨੇ ਕਿਹਾ ਕਿ ਉਹ ਵੱਧ ਤੋਂ ਵੱਧ ਵਿਸ਼ਵ ਰਿਕਾਰਡ ਬਣਾਉਣ ਅਤੇ ਨੌਜਵਾਨ ਖਿਡਾਰੀਆਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਤੇ ਪ੍ਰੇਰਿਤ ਕਰਨ ਦੇ ਉਪਰਾਲੇ ਕਰਦੀ ਰਹੇਗੀ। ਚਾਹੇ ਉਸ ਕੋਲ ਸਾਧਨਾਂ ਜਾਂ ਸਮਰਥਨ ਦੀ ਕੋਈ ਕਮੀ ਹੋਵੇ ਜਾਂ ਨਾ ਹੋਵੇ। ਮੈਂ ਦੂਜਿਆਂ ਨੂੰ ਵੀ ਪ੍ਰੇਰਿਤ ਕਰਨ ਲਈ ਵਾਸਤੇ ਸੋਸ਼ਲ ਮੀਡੀਆ ਦਾ ਪ੍ਰਯੋਗ ਕਰਨਾ ਚਾਹੁੰਦੀ ਹਾਂ। ਕੌਮਾਂਤਰੀ ਸਕੇਟਿੰਗ ਮੁਕਾਬਲਿਆਂ ਲਈ ਪੇਸ਼ੇਵਰ ਕੋਚਾਂ ਅਤੇ ਮਜਬੂਤ ਸਮਰਥਨ ਪ੍ਰਣਾਲੀ ਤਕ ਪਹੁੰਚ ਜਰੂਰੀ ਹੈ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਮੈਂ ਆਪਣੇ ਦੇਸ਼ ਲਈ ਵੱਧ ਤੋਂ ਵੱਧ ਮੈਡਲ ਜਿੱਤ ਸਕਦੀ ਹਾਂ।
ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਜਾਨਵੀ ਦੇ ਪਿਤਾ ਮਨੀਸ਼ ਜਿੰਦਲ, ਜਿਨ੍ਹਾਂ ਦਾ ਬਠਿੰਡੇ ਜ਼ਿਲ੍ਹੇ ’ਚ ਪੈਂਦੇ ਸ਼ਹਿਰ ਰਾਮਪੁਰਾ ਫੂਲ ਦਾ ਪਿਛੋਕੜ ਹੈ। ਉਨ੍ਹਾਂ ਕਿਹਾ ਕਿ ਇਹ ਮੁਕਾਮ ਨਾ ਸਿਰਫ ਮੇਰੇ ਲਈ ਬਲਕਿ ਪੂਰੇ ਦੇਸ਼ ਲਈ ਮਾਣ ਦੀ ਗੱਲ ਹੈ ਕਿ ਮੇਰੀ ਪੁੱਤਰੀ ਨੇ ਸਿਰਫ 17 ਸਾਲ ਦੀ ਉਮਰ ਵਿਚ 11 ਗਿਨੀਜ਼ ਵਰਲਡ ਰਿਕਾਰਡ ਆਪਣੇ ਨਾਮ ਕਰ ਕੇ ਕੌਮਾਂਤਰੀ ਪੱਧਰ ’ਤੇ ਦੇਸ਼ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਮੈਂ ਬਾਲੀਵੁੱਡ ਫਿਲਮ ਦੰਗਲ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ ਅਤੇ ਮੈਂ ਚਾਹੁੰਦਾ ਸੀ ਕਿ ਮੇਰੀ ਪੁੱਤਰੀ ਖੇਡਾਂ ਵਿਚ ਆਪਣੀ ਪਛਾਣ ਬਣਾਏ। ਜਦੋਂ ਉਹ ਸਿਰਫ 8 ਸਾਲ ਦੀ ਸੀ ਤਾਂ ਜਾਨਵੀ ਨੇ 30 ਫੁੱਟ ਦੀ ਉਚਾਈ ਤੋਂ ਨਦੀ ਵਿਚ ਛਾਲ ਮਾਰਨ ਦਾ ਦਲੇਰੀ ਦਾ ਕਾਰਨਾਮਾ ਇੱਕ ਵਾਰ ਨਹੀਂ ਬਲਕਿ 3 ਵਾਰ ਕਰ ਕੇ ਵਿਖਾਇਆ ਸੀ।ਅਜਿਹਾ ਕਾਰਨਾਮਾ ਕਰਨ ਲਈ ਉਸ ਦੀ ਉਮਰ ਦੇ ਕਈ ਬੱਚੇ ਨਹੀਂ ਕਰ ਪਾਉਂਦੇ ਸਨ ਅਤੇ ਦਰਸ਼ਕ ਬਣ ਕੇ ਦੇਖਣਾ ਪਸੰਦ ਕਰਦੇ ਹਨ। ਪਰੰਤੂ ਜਾਨਵੀ ਨੇ ਇਸ ਨੂੰ ਪੂਰੀ ਨਿਡਰਤਾ ਦੇ ਨਾਲ ਸਵੀਕਾਰ ਕੀਤਾ ਅਤੇ ਆਪਣੇ ਆਤਮਵਿਸ਼ਵਾਸ ਅਤੇ ਬਹਾਦੁਰੀ ਨਾਲ ਇਹ ਕਾਰਨਾਮਾ ਕਰ ਕੇ ਮਿਸਾਲ ਕਾਇਮ ਕੀਤੀ। ਇਕ ਸਾਲ ਬਾਅਦ ਉਸ ਨੇ ਫਰੀਸਟਾਈਲ ਸਕੇਟਿੰਗ ਸਿੱਖਣ ਦੀ ਇੱਛਾ ਜਤਾਈ ਅਤੇ ਉਸ ਤੋਂ ਬਾਅਦ ਜਾਨਵੀ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਸ ਨੇ ਬਿਨ੍ਹਾਂ ਕਿਸੇ ਪੇਸ਼ੇਵਰ ਕੋਚਿੰਗ ਦੇ ਖੁੱਦ ਫਰੀਸਟਾਈਲ ਸਕੇਟਿੰਗ ਸਿੱਖੀ, ਬਲਕਿ ਸਾਰੀਆਂ ਸ਼੍ਰੇਣੀਆਂ ਵਿਚ ਸਭ ਤੋਂ ਜ਼ਿਆਦਾ 11 ਗਿਨੀਜ਼ ਵਰਲਡ ਰਿਕਾਰਡ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਵੀ ਬਣੀ।
ਉਨ੍ਹਾਂ ਕਿਹਾ ਕਿ ਜਾਨਵੀ ਦੇ ਨਾਮ ’ਤੇ ਭਾਰਤ ਵਿਚ ਕਿਸੇ ਵੀ 18 ਸਾਲ ਦੀ ਘੱਟ ਉਮਰ ਵਿਚ ਕਿਸੇ ਵੀ ਨੌਜਵਾਨ ਵੱਲੋਂ ਬਣਾਏ ਗਏ ਸਭ ਤੋਂ ਜ਼ਿਆਦਾ ਰਿਕਾਰਡ ਹਨ। ਉਸ ਦੇ ਨਾਮ ’ਤੇ 21 ਰਿਕਾਰਡ ਦਰਜ ਹਨ, ਜਿਨ੍ਹਾਂ ਵਿਚ 11 ਗਿਨੀਜ਼ ਵਰਲਡ ਰਿਕਾਰਡ, 8 ਇੰਡੀਆ ਬੁੱਕ ਰਿਕਾਰਡ ਅਤੇ ਏਸ਼ੀਆ ਬੁੱਕ ਆਫ ਵਰਲਡ ਰਿਕਾਰਡਜ਼ ਅਤੇ ਵਰਲਡ ਬੁੱਕ ਆਫ ਰਿਕਾਰਡ ਵਿਚ ਇੱਕ-ਇੱਕ ਰਿਕਾਰਡ ਸ਼ਾਮਲ ਹਨ। ਇਸ ਤੋਂ ਪਹਿਲਾਂ, 14 ਸਾਲਾ ਗਣਿਤ ਦੇ ਪ੍ਰਤੀਭਾਸ਼ਾਲੀ ਆਰੀਅਨ ਸ਼ੁੱਕਲਾ ਦੇ ਨਾਮ ’ਤੇ 18 ਸਾਲ ਤੋਂ ਘੱਟ ਉਮਰ ਵਿਚ ਕਿਸੇ ਖਿਡਾਰੀ ਵੱਲੋਂ ਬਣਾਏ ਸਭ ਤੋਂ ਜ਼ਿਆਦਾ ਰਿਕਾਰਡ ਸੀ, ਜਿਨ੍ਹਾਂ ਦੇ ਨਾਮ ’ਤੇ 6 ਗਿਨੀਜ਼ ਵਰਲਡ ਰਿਕਾਰਡਜ਼ ਸੀ। ਉਸ ਦੀ ਇਹ ਉਪਲਬੱਧੀ ਪ੍ਰੇਰਣਾਦਾਇਕ ਹੈ ਕਿਉਂਕਿ ਇਸ ਨੂੰ ਉਸ ਨੇ ਖੁਦ ਹੀ ਸ਼ੁਰੂ ਕੀਤਾ ਸੀ। ਬਿਨ੍ਹਾਂ ਕਿਸੇ ਪੇਸ਼ੇਵਰ ਕੋਚਿੰਗ, ਚੰਗੇ ਬੁਨਿਆਦੀ ਢਾਂਚੇ ਅਤੇ ਵਿੱਤੀ ਸੁਵਿਧਾ ਲਈ ਜਾਨਵੀ ਨੇ ਖੁਦ ਨੂੰ ਇੱਕ ਵਿਸ਼ਵ ਪੱਧਰੀ ਫਰੀਸਟਾਈਲ ਸਕੇਟਰ ਬਣਨ ਲਈ ਸਿਖਲਾਈ ਲਈ। ਉਹ ਆਧੁਨਿਕ ਭਾਰਤ ਦਾ ਪ੍ਰਤੀਕ ਹੈ, ਜਿਸ ਨੇ ਆਨਲਾਈਨ ਸਾਧਨਾਂ ਅਤੇ ਇੰਟਰਨੈੱਟ ਦਾ ਆਪਣੀ ਨਿੱਜੀ ਕੋਚਿੰਗ ਅਕਾਦਮੀ ਦੇ ਰੂਪ ਵਿਚ ਇਸਤੇਮਾਲ ਕੀਤਾ ਅਤੇ ਇਹ ਸਾਬਿਤ ਕੀਤਾ ਕਿ ਗਿਆਨ ਦੀ ਕੋਈ ਸੀਮਾ ਨਹੀਂ ਅਤੇ ਜੋ ਲੋਕ ਆਪਣੇ ਜਨੂੰਨ ਨਾਲ ਇਸ ਨੂੰ ਲੱਭਦੇ ਹਨ ਤਾਂ ਉਹ ਜਰੂਰ ਪ੍ਰਾਪਤ ਕਰਦੇ ਹਨ।
ਇਸ ਤੋਂ ਪਹਿਲਾਂ ਜੁਲਾਈ ਵਿਚ ਜਾਨਵੀ ਨੇ ਪੰਜ ਮੁਕਾਮ ਹਾਸਲ ਕਰਨ ਲਈ ਗਿਨੀਜ਼ ਵਰਲਡ ਰਿਕਾਰਡ ਦੀ ਪੁਸ਼ਟੀ ਹੋਈ ਸੀ। ਇਸ ਵਿਚ 30 ਸਕਿੰਟ ਇਨਲਾਈਨ ਸਕੇਟਸ ਵਿਚ ਸਭ ਤੋਂ ਵੱਧ 360 ਡਿਗਰੀ ਘੁੰਮਣ (27 ਸਪਿਨ), 8.85 ਸਕਿੰਟ ਵਿਚ ਦੋ ਟਾਇਰਾਂ ’ਤੇ ਇਨਲਾਈਨ ਸਕੇਟਸ ’ਤੇ ਸਭ ਤੋਂ ਤੇਜ ਸਲੈਲਮ (20 ਕੋਣ), 30 ਸਕਿੰਟ ਵਿਚ ਸਭ ਤੋਂ ਜ਼ਿਆਦਾ ਇੱਕ ਟਾਇਰ 360 ਡਿਗਰੀ ਸਪਿਨ (42 ਸਪਿਨ), ਇੱਕ ਮਿੰਟ ਵਿਚ ਸਭ ਤੋਂ ਵੱਧ ਇੱਕ ਟਾਇਰ 360 ਡਿਗਰੀ ਸਪਿਨ (72 ਸਪਿਨ) ਅਤੇ ਸਭ ਤੋਂ ਵੱਧ ਲਗਾਤਾਰ ਇੱਕ ਟਾਇਰ 360 ਡਿਗਰੀ ਸਪਿਨ (22 ਸਪਿਨ) ਸ਼ਾਮਲ ਹਨ।







