24 ਮਈ 1896 ਨੂੰ ਕਰਤਾਰ ਸਿੰਘ ਨੇ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਵਿਖੇ ਸ.ਮੰਗਲ ਸਿੰਘ ਦੇ ਘਰ ਜਨਮ ਲਿਆ। ਜਿਸ ਨੇ ਸਿਰਫ਼ 19 ਸਾਲ ਦੀ ਅਣਭੋਲ ਉਮਰ ਵਿੱਚ ਗ਼ਦਰ ਅੰਦੋਲਨ ’ਚ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦੇ ਰੱਸੇ ਨੂੰ ਚੁੰਮਿਆ ਅਤੇ ਅੱਜ ਉਸ ਮਹਾਨ ਪੰਜਾਬੀ ਯੋਧੇ ਨੂੰ ਦੁਨੀਆ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਨਾਲ ਜਾਣਦੀ ਹੈ। ਪਿਤਾ ਸ.ਮੰਗਲ ਸਿੰਘ ਗਰੇਵਾਲ ਅਤੇ ਮਾਤਾ ਸਾਹਿਬ ਕੌਰ ਦੇ ਲਾਡਲੇ ਦੇ ਸਿਰੋਂ ਪਿਤਾ ਦਾ ਸਾਇਆ ਛੋਟੀ ਉਮਰੇ ਹੀ ਉੱਠ ਗਿਆ ਸੀ। ਉਸ ਦੇ ਦਾਦਾ ਜੀ ਨੇ ਕਰਤਾਰ ਦੀ ਬਹੁਤ ਪਿਆਰ ਨਾਲ ਦੇਖਭਾਲ ਅਤੇ ਪਾਲਣਾ ਕੀਤੀ।ਮੁਢਲੀ ਸਿਖਿਆ ਜੱਦੀ ਪਿੰਡ ਵਿੱਚ ਲੈਣ ਤੋਂ ਬਾਅਦ ਕਰਤਾਰ ਨੇ ਮਾਲਵਾ ਕਾਲਜ ਲੁਧਿਆਣਾ ਵਿਖੇ ਦਾਖਲਾ ਲਿਆ। ਉਸ ਤੋਂ ਬਾਅਦ ਉਹ ਆਪਣੇ ਚਾਚੇ ਕੋਲ ਉੜੀਸਾ ਚਲਾ ਗਿਆ ਜਿਥੋਂ ਉਸ ਨੂੰ ਰਸਾਇਣ ਵਿਗਿਆਨ ਦੀ ਪੜ੍ਹਾਈ ਲਈ ਇੱਕ ਸਮੁੰਦਰੀ ਜਹਾਜ ਰਾਹੀਂ ਲਈ ਅਮਰੀਕਾ ਭੇਜਿਆ ਗਿਆ। ਉਹਨਾਂ ਨੇ ਅਮਰੀਕਾ ਵਿਚ ਬਰਕਲੇ ਯੂਨੀਵਰਸਿਟੀ ਤੋਂ ਰਸਾਇਣ ਵਿਗਿਆਨ ਦੀ ਪੜ੍ਹਾਈ ਕੀਤੀ ਸੀ। ਇਸ ਸਮੇਂ ਗ਼ਦਰ ਲਹਿਰ ਦਾ ਮੁੱਢ ਬੱਝ ਰਿਹਾ ਸੀ। ਦੇਸ਼ ਵਿਚ ਭਾਰਤੀਆਂ ਨਾਲ ਹੁੰਦੇ ਵਰਤਾਰੇ ਨੂੰ ਦੇਖ ਕੇ ਉਹਨਾਂ ਦੀ ਰੂਹ ਕੁਰਲਾ ਉੱਠੀ ਤੇ ਉਹ ਦਿਨ ਰਾਤ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਸੁਪਨੇ ਦੇਖਣ ਲੱਗੇ।ਅਮਰੀਕਾ ਵਿਚ ਵਸਦੇ ਹਿੰਦੂਸਤਾਨੀਆਂ ਨੇ 1913 ਵਿਚ ਗ਼ਦਰ ਨਾਮ ਦੀ ਪਾਰਟੀ ਬਣਾਈ, ਜਿਸ ਦੇ ਪ੍ਰਧਾਨ ਪ੍ਰਸਿੱਧ ਦੇਸ਼ ਭਗਤ ਸੋਹਣ ਸਿੰਘ ਭਕਨਾ ਅਤੇ ਸਕੱਤਰ ਲਾਲਾ ਹਰਦਿਆਲ ਸਨ। ਕਰਤਾਰ ਸਿੰਘ ਇਸ ਪਾਰਟੀ ਵਿਚ ਬਹੁਤ ਜਲਦ ਹਰਮਨ ਪਿਆਰੇ ਬਣ ਗਏ ਸਨ। ਇਸ ਪਾਰਟੀ ਦਾ ਕੇਂਦਰ ਸਾਨਫਰਾਂਸਿਸਕੋ ਬਣਾਇਆ ਗਿਆ ਤੇ ਇਸ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਪ੍ਰਚਾਰ ਹਿੱਤ ਗ਼ਦਰ ਨਾਮ ਹੇਠ ਹਫ਼ਤਾਵਰ ਅਖ਼ਬਾਰ ਕੱਢਿਆ। ਸਰਾਭਾ ਅਤੇ ਉਹਨਾਂ ਦੇ ਸਾਥੀਆਂ ਨੇ ਭਾਰਤ ਉੱਤੇ ਕਾਬਜ਼ ਬਰਤਾਨਵੀ ਹਕੂਮਤ ਨੂੰ ਉਖਾੜਨ ਲਈ ਅਮਰੀਕਾ ਅਤੇ ਕੈਨੇਡਾ ਵਿਚ ਵਸੇ ਭਾਰਤੀਆਂ ਨੂੰ ਇਕਜੁੱਟ ਕਰਨ ਦਾ ਕੰਮ ਕੀਤਾ ਸੀ। ਗ਼ਦਰ ਪਾਰਟੀ ਨੂੰ 21 ਫਰਵਰੀ 1915 ਨੂੰ ਲਾਗੂ ਕੀਤਾ ਗਿਆ ਸੀ।