ਅੰਮ੍ਰਿਤਸਰ: ਸਾਲ 1984 ’ਚ ਉੱਤਰ ਪ੍ਰਦੇਸ਼ ਦੇ ਕਾਨਪੁਰ (Sikh massacre in Kanpur,) ਅੰਦਰ ਹੋਏ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ (Justice for the Victims) ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸਰਗਰਮ ਦਿੱਲੀ ਦੇ ਆਗੂ ਕੁਲਦੀਪ ਸਿੰਘ ਭੋਗਲ ਨਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ (Bhagwant Singh Sialka) ਨੇ ਬੈਠਕ ਕਰਕੇ ਅਦਾਲਤ ’ਚ ਚੱਲ ਰਹੇ ਕੇਸਾਂ ਦੀ ਸਥਿਤੀ ’ਤੇ ਵਿਚਾਰ ਵਿਟਾਂਦਰਾ ਕੀਤਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੁਲਦੀਪ ਸਿੰਘ ਭੋਗਲ ਦੀ ਮੰਗ ’ਤੇ ਇਸ ਮਾਮਲੇ ਵਿਚ ਕਾਨੂੰਨੀ ਸਹਿਯੋਗ ਲਈ ਐਡਵੋਕੇਟ ਸਿਆਲਕਾ ਦੀ ਜ਼ਿੰਮੇਵਾਰੀ ਲਗਾਈ ਹੈ। ਕਾਨਪੁਰ ਵਿਖੇ ਸਿੱਖ ਕਤਲੇਆਮ ’ਚ 127 ਸਿੱਖ ਮਾਰੇ ਗਏ ਸੀ, ਜਿਨ੍ਹਾਂ ਲਈ ਸਿੱਖ ਕੌਮ ਲਗਾਤਾਰ ਇਨਸਾਫ ਦੀ ਮੰਗ ਕਰਦੀ ਆ ਰਹੀ ਹੈ।
ਇਸ ਸਬੰਧ ਵਿਚ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਕੇਸਾਂ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਕਾਨੂੰਨੀ ਯੋਗਦਾਨ ਦੇ ਮੱਦੇਨਜ਼ਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਕੁਲਦੀਪ ਸਿੰਘ ਭੋਗਲ ਨਾਲ ਹੋਈ ਗੱਲਬਾਤ ਬਾਰੇ ਦੱਸਿਆ ਕਿ ਭਾਵੇਂ ਕਰੀਬ ਚਾਰ ਸਾਲ ਪਹਿਲਾਂ ਸਰਕਾਰ ਵੱਲੋਂ ਐਸਆਈਟੀ ਬਣਾਈ ਗਈ ਸੀ ਅਤੇ ਕਈ ਗ੍ਰਿਫਤਾਰੀਆਂ ਹੋਈਆਂ ਹਨ ਪਰ ਸਾਰੇ ਦੋਸ਼ੀ ਅਜੇ ਤੱਕ ਗ੍ਰਿਫਤਾਰ ਨਹੀਂ ਕੀਤੇ ਗਏ।
ਐਡਵੋਕੇਟ ਸਿਆਲਕਾ ਨੇ ਦੱਸਿਆ ਕਿ ਕੁਲਦੀਪ ਸਿੰਘ ਭੋਗਲ ਅਨੁਸਾਰ 70 ਤੋਂ ਵੱਧ ਲੋਕ ਇਸ ਵਿਚ ਦੋਸ਼ੀ ਹਨ ਜਦਕਿ ਅਜੇ ਤੱਕ 34 ਦੇ ਕਰੀਬ ਦੋਸ਼ੀ ਹੀ ਫੜੇ ਗਏ ਹਨ। ਉਨ੍ਹਾਂ ਦੱਸਿਆ ਕਿ ਹਿਰਾਸਤ ਤੋਂ ਬਾਹਰ ਦੋਸ਼ੀ ਸਰਕਾਰੀ ਵਕੀਲਾਂ ਦੀ ਢਿੱਲਮੱਠ ਕਾਰਨ ਜਮਾਨਤਾਂ ਪ੍ਰਾਪਤ ਕਰਨ ਦੀ ਚਾਰਾਜੋਈ ਕਰ ਰਹੇ ਹਨ, ਜਿਸ ਕਾਰਨ ਪੀੜਤ ਸਿੱਖ ਪਰਿਵਾਰ ਮਾਨਸਿਕ ਪੀੜਾ ’ਚੋਂ ਲੰਘ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਦੋਸ਼ੀਆਂ ’ਚ ਸ਼ਾਮਲ ਜੁਜਵਿੰਦਰ ਸਿੰਘ ਕੁਸ਼ਵਾਹਾ ਜੋ ਇਕ ਕਾਂਗਰਸ ਆਗੂ ਦਾ ਭਤੀਜਾ ਹੈ ਆਪਣੇ ਅਸਰ ਰਸੂਖ ਨਾਲ ਕੇਸਾਂ ਨੂੰ ਪ੍ਰਭਾਵਤ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਸੰਸਥਾ ਵੱਲੋਂ ਕੇਸਾਂ ਦੀ ਮੌਜੂਦਾ ਸਥਿਤੀ ਜਾਨਣ ਅਤੇ ਮਦਦ ਲਈ ਉਨ੍ਹਾਂ ਦੀ ਡਿਊਟੀ ਲਗਾਈ ਹੈ ਤਾਂ ਜੋ ਕਾਨੂੰਨੀ ਸਹਾਇਤਾ ਦਿੱਤੀ ਜਾ ਸਕੇ। ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ 1984 ਦਾ ਸਿੱਖ ਕਤਲੇਆਮ ਬੇਹੱਦ ਪੀੜਾਮਈ ਹੈ, ਜਿਸ ਦੇ ਹਰ ਦੋਸ਼ੀ ਨੂੰ ਲਾਜਮੀ ਤੌਰ ’ਤੇ ਸਜ਼ਾ ਮਿਲਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪੀੜਤਾਂ ਦੇ ਦਰਦ ਨੂੰ ਮਹਿਸੂਸ ਕਰਦੀ ਹੈ ਅਤੇ ਇਸੇ ਤਹਿਤ ਹੀ ਕਾਨਪੁਰ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਯਕੀਨੀ ਬਣਾਉਣ ਅਤੇ ਉਨ੍ਹਾਂ ਦੀਆਂ ਜਮਾਨਤਾਂ ਵਿਰੁੱਧ ਜੋਰਦਾਰ ਢੰਗ ਨਾਲ ਪੱਖ ਰੱਖਣ ਲਈ ਕਾਨੂੰਨੀ ਸਹਾਇਤਾ ਵਾਸਤੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਦੀ ਡਿਊਟੀ ਲਗਾਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਐਡਵੋਕੇਟ ਸਿਆਲਕਾ ਵੱਲੋਂ ਜੋ ਵੀ ਰਿਪੋਰਟ ਕੀਤੀ ਜਾਵੇਗੀ ਉਸ ਅਨੁਸਾਰ ਕਾਨੂੰਨੀ ਮਾਹਿਰਾਂ ਦੀ ਮਦਦ ਲੈ ਕੇ ਕਾਨੂੰਨੀ ਸਹਾਇਤਾ ਯਕੀਨੀ ਬਣਾਈ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h