ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ‘ਚ 2 ਫਰਵਰੀ 2020 ਨੂੰ 12 ਸਾਲਾਂ ਨਮਨ ਪੱਤਗ ਲੁੱਟਦਾ ਹੋਇਆ ਅਚਾਨਕ ਗਾਇਬ ਹੋ ਗਿਆ ਸੀ। ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਉਸ ਦੀ ਥਾਂ-ਥਾਂ ’ਤੇ ਭਾਲ ਕੀਤੀ ਜਾਂਦੀ ਹੈ ਪਰ ਉਹ ਨਹੀਂ ਮਿਲਦਾ। ਪਰਿਵਾਰ ਨੇ ਕਦੇ ਹਿੰਮਤ ਨਹੀਂ ਹਾਰੀ, ਜਿਸ ਸਦਕਾ ਅਖੀਰਕਾਰ ਕਰੀਬ ਢਾਈ ਸਾਲਾਂ ਬਾਅਦ ਨਮਨ ਆਪਣੇ ਘਰ ਵਾਪਸ ਆ ਗਿਆ।
ਨਮਨ ਨੇ ਆਪਣੇ ਨਾਲ ਹੱਡ ਬੀਤੀ ਦੱਸਦਿਆਂ ਕਿਹਾ ਕਿ ਮੈਂ ਪਤੰਗ ਲੁੱਟਦਾ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ’ਤੇ ਪਹੁੰਚ ਗਿਆ, ਜਿੱਥੇ ਜਾ ਕੇ ਮੈਨੂੰ ਨੀਂਦ ਆ ਗਈ ਅਤੇ ਮੈਂ ਸੌਂ ਗਿਆ। ਜਦੋਂ ਸਵੇਰੇ ਮੇਰੀ ਨੀਂਦ ਖੁਲ੍ਹੀ ਤਾਂ ਮੈਂ ਕਿਸੇ ਦੇ ਘਰ ‘ਚ ਸੀ। ਨਮਨ ਨੇ ਦੱਸਿਆ ਕਿ ਉਹ ਕਿਸੇ ਸਾਬਕਾ ਫੌਜੀ ਦਾ ਘਰ ਸੀ ਅਤੇ ਉਸਦੇ ਘਰ ਮੱਝਾਂ-ਗਾਈਆਂ ਵੀ ਰੱਖੀਆਂ ਹੋਈਆਂ ਸਨ, ਜਿਨ੍ਹਾਂ ਨੇ ਕੰਮ ਕਰਵਾਉਣ ਲਈ ਮੈਨੂੰ ਆਪਣੇ ਘਰ ਲਿਆਂਦਾ ਸੀ। ਨਮਨ ਨੇ ਦੱਸਿਆ ਕਿ ਉਕਤ ਲੋਕ ਰੋਜ਼ ਮੇਰੀ ਕੁੱਟਮਾਰ ਕਰਦੇ ਅਤੇ ਮੈਨੂੰ ਰੋਟੀ ਵੀ ਖਾਣ ਨੂੰ ਨਹੀਂ ਦਿੰਦੇ ਸੀ। ਮੈਂ ਕਈ ਵਾਰ ਉਸ ਥਾਂ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਿਹਾ। ਵਾਰ-ਵਾਰ ਕੋਸ਼ਿਸ਼ ਕਰਨ ’ਤੇ ਅੱਜ ਮੈਨੂੰ ਉਨ੍ਹਾਂ ਦੇ ਘਰੋਂ ਭੱਜਣ ਦਾ ਮੌਕਾ ਮਿਲਿਆ ਅਤੇ ਮੈਂ ਆਪਣੇ ਘਰ ਪੁੱਜਾ।
ਨਮਨ ਦੇ ਪਿਤਾ ਗੋਪਾਲ ਕੁਮਾਰ ਨੇ ਦੱਸਿਆ ਕਿ ਨਮਨ ਦੇ ਲਾਪਤਾ ਹੋਣ ਤੋਂ ਬਾਅਦ ਇਕ ਦਿਨ ਅਸੀਂ ਇੰਤਜ਼ਾਰ ਕੀਤਾ ਅਤੇ ਦੂਸਰੇ ਦਿਨ ਥਾਣੇ ਪਹੁੰਚੇ। ਪੁਲਸ ਨੂੰ ਦੱਸਿਆ ਕਿ ਸਾਡਾ ਬੱਚਾ ਲਪਤਾ ਹੈ ਅਤੇ ਪੁਲਸ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਪਰ ਪੁਲਸ ਦੇ ਹੱਥ ਕੁਝ ਨਹੀਂ ਲੱਗਿਆ। ਗੋਪਾਲ ਨੇ ਦੱਸਿਆ ਕਿ ਨਮਨ ਦੀ ਭਾਲ ਕਰਦੇ ਹੋਏ ਅਸੀਂ ਰੇਲਵੇ ਸਟੇਸ਼ਨ ਪਹੁੰਚ ਗਏ, ਜਿੱਥੇ ਸਾਡੇ ਹੱਥ ਇਕ ਸੀ.ਸੀ.ਟੀ.ਵੀ. ਲੱਗੀ, ਜਿਸ ਵਿਚ ਨਮਨ ਦਿਖਾਈ ਦਿੱਤਾ। ਜਦੋਂ ਅਸੀਂ CCTV ਪੁਲਸ ਨੂੰ ਦਿੱਤੀ ਤਾਂ ਪੁਲਸ ਨੇ ਕਿਹਾ ਕਿ ਤੁਹਾਡਾ ਬੇਟਾ ਗੱਡੀ ਵਿੱਚ ਬੈਠ ਕੇ ਕਿਸੇ ਹੋਰ ਸ਼ਹਿਰ ਚਲਾ ਗਿਆ ਹੈ।
ਨਮਨ ਦੇ ਘਰ ਪਹੁੰਚਣ ’ਤੇ ਪੁਲਸ ਅਧਿਕਾਰੀ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਪੂਰੀ ਜਾਂਚ-ਪੜਤਾਲ ਕਰਨਗੇ। ਬੱਚੇ ਨੂੰ ਕੈਦ ਕਰਨ ਵਾਲੇ ਦੋਸ਼ੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਕਰਾਂਗਾ।