”2 ਜੂਨ 1984, ਸਮਾਂ 8:30 ਵਜੇ”
ਰੇਡੀਓ ‘ਤੇ ਵਾਰ-ਵਾਰ ਚੱਲ ਰਿਹਾ ਸਾਰੇ ਜਹਾਂ ਸੇ ਅੱਛਾ, ਹਿੰਦੂਸਤਾਨ ਹਮਾਰਾ। 7 ਵੱਜ ਕੇ 15 ਮਿੰਟ ‘ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਦੇਸ਼ ਦੇ ਨਾਂ ਸੰਬੋਧਨ ਸ਼ੁਰੂ ਹੁੰਦਾ ਹੈ ਤੇ ਪੰਜਾਬ ‘ਚ ਕਰਫਿਊ ਦਾ ਐਲਾਨ ਕੀਤਾ ਜਾਂਦਾ ਹੈ।ਅਖਬਾਰਾਂ ‘ਤੇ ਸੈਂਸਰਸ਼ਿਪ ਲਗਾ ਦਿੱਤੀ ਜਾਂਦੀ ਹੈ।ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਫੌਜ਼ ਨੇ ਪਹਿਰੇ ਸੰਭਾਲ ਸਖ਼ਤ ਪਹਿਰੇ ਲਗਾ ਲਏ।
2 ਜੂਨ 1984 ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਭਾਸ਼ਣ ਨੇ ਸਾਰੇ ਭਰਮ-ਭੁਲੇਖੇ ਦੂਰ ਕਰ ਦਿੱਤੇ।ਇਸ ਭਾਸ਼ਣ ‘ਚ ਪੀਐੱਮ ਇੰਦਰਾ ਗਾਂਧੀ ਨੇ ਅਕਾਲੀਆਂ ‘ਤੇ ਤਿੱਖੇ ਤੰਜ ਕੱਸੇ।ਉਨ੍ਹਾਂ ਕਿਹਾ ਕਿ ਅਸੀਂ ਅਕਾਲੀਆਂ ਨੂੰ ਮਨਾਉਣ ਪੁਰਜ਼ੋਰ ਕੋਸ਼ਿਸ਼ ਕੀਤੀ ਪਰ ਉਹ ਨਹੀਂ ਚਾਹੁੰਦੇ ਕਿ ਮਸਲਾ ਹੱਲ ਹੋ ਜਾਵੇ।ਭਾਸ਼ਣ ‘ਚ ਕਿਤੇ ਵੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸੰਤ ਭਿੰਡਰਾਂਵਾਲਿਆਂ ਦਾ ਨਾਮ ਨਹੀਂ ਲਿਆ।
ਪਰ ਇਹ ਜ਼ਰੂਰ ਕਿਹਾ ਕਿ ਕੁਝ ਅੱਤਵਾਦੀ ਸ੍ਰੀ ਦਰਬਾਰ ਹਦੂਤ ਦੇ ਵਿੱਚ ਹਨ ਜੋ ਦੂਜੇ ਦੇਸ਼ ਨਾਲ ਮਿਲ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਤੋੜਨਾ ਚਾਹੁੰਦੇ ਹਨ।ਭਾਸ਼ਣ ਦੇ ਅੰਤ ‘ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕਿਹਾ ਨਫ਼ਰਤ ਤਿਆਗੋ,ਖ਼ੂਨ ਨਾ ਡੋਲੋ ‘ਭਾਸ਼ਣ ਖ਼ਤਮ ਸੰਦੇਸ਼ ਸ਼ੁਰੂ’ ਪਹਿਲਾ ਸੰਦੇਸ਼ ਪੂਰੇ ਪੰਜਾਬ ‘ਚ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ।ਹਰ ਕਿਸਮ ਦੀ ਸੜਕੀ ਤੇ ਰੇਲ ਆਵਾਜਾਈ ਠੱਪ ਕਰ ਦਿੱਤੀ ਗਈ।ਮੋਟਰਗੱਡੀਆਂ ਤੋਂ ਲੈ ਕੇ ਸਾਈਕਲਾਂ ਤੱਕ ਵੀ ਪਾਬੰਦੀ ਲਗਾਈ ਗਈ।
ਦੂਜਾ ਸੰਦੇਸ਼ ‘ਚ ਕਿ ਪੰਜਾਬ ‘ਚ ਫੌਜ਼ ਆ ਗਈ ਹੈ ਜੋ ਸਥਾਨਕ ਪ੍ਰਸ਼ਾਸਨ ਦੀ ਮੱਦਦ ਕਰੇਗੀ।ਤੀਜਾ ਐਲਾਨ ਇਹ ਕੀਤਾ ਗਿਆ ਕਿ ਸਾਰੇ ਅਖਬਾਰਾਂ ‘ਤੇ ਸੈਂਸਰਸ਼ਿਪ ਲਗਾ ਦਿੱਤੀ ਗਈ ਹੈ।ਪੰਜਾਬ ਪੂਰੇ ਦੇਸ਼ ਨਾਲੋਂ ਤੋੜ ਦਿੱਤਾ ਗਿਆ ਅੰਮ੍ਰਿਤਸਰ ਸ਼ਹਿਰ ਪੂਰੇ ਪੰਜਾਬ ਨਾਲੋਂ ਤੋੜ ਦਿੱਤਾ ਗਿਆ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸ਼ਹਿਰ ਨਾਲੋਂ ਤੋੜ ਦਿੱਤਾ ਗਿਆ।ਸਾਰਾ ਪੰਜਾਬ ਸੀਲ ਕਰ ਦਿੱਤਾ ਗਿਆ।
ਇਹ ਅਜ਼ਾਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਆਪਣੇ ਵਿਹੜੇ ‘ਚ ਟਹਿਲਣ ‘ਤੇ ਵੀ ਪਾਬੰਦੀ ਲੱਗੀ ਹੋਈ ਸੀ।ਦਰਬਾਰ ਸਾਹਿਬ ਦੇ ਅੰਦਰ ਹਜ਼ਾਰਾਂ ਦੀ ਗਿਣਤੀ ‘ਚ ਸੰਗਤ ਸੀ ਹੁਣ ਨਾ ਤਾਂ ਕੋਈ ਅੰਦਰ ਆ ਸਕਦਾ ਸੀ ਨਾ ਹੀ ਕੋਈ ਬਾਹਰ ਜਾ ਸਕਦਾ ਸੀ।
ਫੌਜ਼ ਨੇ ਪੂਰੀ ਤਰ੍ਹਾਂ ਮੋਰਚੇ ਸੰਭਾਲੇ ਹੋਏ ਸਨ।ਅੰਦਰ ਖਾੜਕੂ ਸਿੰਘਾਂ ਨੇ ਵੀ ਆਪਣੇ ਮੋਰਚੇ ਪਹਿਲਾਂ ਹੀ ਸੰਭਾਲ ਲਏ ਸਨ।ਐੱਸਜੀਪੀ ਪ੍ਰਧਾਨ ਗੁਰਚਰਨ ਸਿੰਘ ਟੌਹੜਾ, ਗੁਰੂ ਨਾਨਕ ਨਿਵਾਸ ਤੇ ਧਰਮ ਯੁੱਧ ਮੋਰਚੇ ਦੇ ਡਿਕਟੇਟਰ ਹਰਚੰਦ ਸਿੰਘ ਲੌਂਗੋਵਾਲ,ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸਨ।ਇਸ ਦੌਰ ‘ਚ ਖੇਤਰੀ ਪਾਰਟੀਆਂ ਉੱਭਰ ਰਹੀਆਂ ਸਨ।
ਸਾਰੇ ਦੇਸ਼ ‘ਚ ਸੂਬੇ ਆਪਣੇ ਵੱਧ ਅਧਿਕਾਰਾਂ ਲਈ ਲੜ ਰਹੇ ਸਨ।ਇਸ ਲੜਾਈ ਦੀ ਅਗਵਾਈ ਪੰਜਾਬ ਕਰ ਰਿਹਾ ਸੀ ਸ੍ਰੀ ਆਨੰਦਪੁਰ ਦੇ ਮਤੇ ਰਾਹੀਂ।ਪੰਜਾਬ ‘ਚੋਂ ਉੱਠ ਰਹੀ ਇਸ ਆਵਾਜ਼ ਨਾਲ ਸਾਰਾ ਦੇਸ਼ ਆਪਣੀਆਂ ਹੱਕੀ ਮੰਗਾਂ ਲੈਣ ਲਈ ਤਤਪਰ ਸੀ। (ਚੱਲਦਾ)
(ਨੋਟ :- ਇਹ ਸਾਰੀ ਜਾਣਕਾਰੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਕਰੀਬੀਆਂ ਕੋਲੋਂ, ਜਨਰਲ ਬਰਾੜ ਦੀ ਕਿਤਾਬ ਤੇ ਹੋਰਨਾਂ ਸੋਮਿਆਂ ਤੋਂ ਪ੍ਰਾਪਤ ਕੀਤੀ ਗਈ ਹੈ)
-ਰਾਜਵੀਰ ਸਿੰਘ