ਕੈਬਨਿਟ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਰਾਜਾ ਵੜਿੰਗ ਆਪਣੇ ਜੱਦੀ ਪਿੰਡ ਗਿੱਦੜਬਾਹਾ ਪਹੁੰਚੇ | ਜਿੱਥੇ ਉਨ੍ਹਾਂ ਦਾ ਇਲ਼ਾਕਾ ਨਿਵਾਸੀਆਂ ਨੇ ਸ਼ਾਨਦਾਰ ਸੁਵਾਗਤ ਕੀਤਾ | ਇਸ ਮੌਕੇ ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ 10 ਤੋਂ 12 ਦਿਨਾਂ ਦੇ ਵਿੱਚ ਟਰਾਂਸਪੋਰਟ ਮਾਫੀਆ ਖ਼ਤਮ ਕਰ ਦਿੱਤਾ ਜਾਵੇਗਾ |
ਇਸ ਉਪਰੰਤ ਉਹ ਵੱਡੇ ਕਾਫਲੇ ਨਾਲ ਗਿੱਦੜਬਾਹਾ ਲਈ ਰਵਾਨਾ ਹੋਏ। ਭਲਾਈਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਤਰ੍ਹਾਂ ਦਾ ਮਾਫੀਆ ਖ਼ਤਮ ਕਰ ਦੇਵੇਗੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ’ਚ ਲੋਕ ਹਿੱਤਾਂ ਦੇ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਵਜੋਂ ਉਹ ਵਾਅਦਾ ਕਰਦੇ ਹਨ ਕਿ ਵਿਭਾਗ ’ਚ ਲੋਕ ਹਿਤਾਂ ਦੇ ਵੱਡੇ ਕਾਰਜ ਹੋਣਗੇ। 15-15 ਸਾਲ ਤੋਂ ਜੋ ਰੂਟ ਨਹੀਂ ਬਣੇ ਉਹ ਹੁਣ ਬਣਨਗੇ। ਪੰਜਾਬ ਰੋਡਵੇਜ ਪਨਬਸ ਨੂੰ ਘਾਟੇ ਵਾਲਾ ਅਦਾਰਾ ਨਹੀਂ ਰਹਿਣ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ 15 ਦਿਨ ’ਚ ਟਰਾਂਸਪੋਰਟ ਮਾਫੀਆ ਖ਼ਤਮ ਕਰ ਦਿੱਤਾ ਜਾਵੇਗਾ। ਨਵਜੋਤ ਸਿੰਘ ਸਿੱਧੂ ਬਾਰੇ ਪੁੱਛਣ ‘ਤੇ ਰਾਜਾ ਵੜਿੰਗ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਮਨਜ਼ੂਰ ਨਹੀਂ ਹੋਇਆ, ਮੈਨੂੰ ਲੱਗਦਾ ਕੋਈ ਦਿੱਕਤ ਨਹੀਂ ਜਲਦ ਹੀ ਉਹ ਕੰਮ ਸ਼ੁਰੂ ਕਰ ਦੇਣਗੇ। ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ’ਚ ਜਾਣ ਦੀਆਂ ਚਰਚਾਵਾਂ ਤੇ ਰਾਜਾ ਵੜਿੰਗ ਨੇ ਕਿਹਾ ਕਿ ਮੇਰੀ ਉਨ੍ਹਾਂ ਨੂੰ ਸਲਾਹ ਹੈ ਕਿ ਅਜਿਹਾ ਕਰਕੇ ਪੰਜਾਬੀਆਂ ਦੇ ਦਿਲਾਂ ’ਚ ਉਹਨਾਂ ਲਈ ਜਗ੍ਹਾ ਨਹੀਂ ਰਹੇਗੀ। ਇਸ ਲਈ ਉਹ ਕੋਈ ਅਜਿਹਾ ਕਦਮ ਨਾ ਚੁੱਕਣ।