ਐਲਬਰਟਾ ਦੀ ਰਾਜਨੀਤੀ ਵਿੱਚ ਨਵਾਂ ਇਤਿਹਾਸ ਸਿਰਜਦਿਆਂ ਭਾਰਤੀ ਮੂਲ ਦੇ ਦੋ ਪੰਜਾਬੀ ਉਮੀਦਵਾਰਾਂ ਨੇ ਸੂਬੇ ਦੇ ਦੋ ਵੱਡੇ ਸ਼ਹਿਰਾਂ – ਕੈਲਗਰੀ ਅਤੇ ਐਡਮੰਟਨ ਦੇ ਮੇਅਰ ਦੇ ਅਹੁਦੇ ‘ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਕੈਲਗਰੀ ਦੇ ਮੇਅਰ ਦੇ ਅਹੁਦੇ ਵਾਸਤੇ ਵਾਰਡ 3 ਤੋਂ ਕੌਂਸਲਰ ਰਹਿ ਚੁੱਕੇ ਡਾ. ਜੋਤੀ ਗੌਂਡੇਕ ਨੇ ਆਪਣੇ ਨੇੜਲੇ ਵਿਰੋਧੀ ਸਾਬਕਾ ਕੌਂਸਲਰ ਜੈਰੋਮੀ ਫਾਰਕਸ ਨੂੰ ਵੱਡੇ ਫ਼ਰਕ ਨਾਲ ਹਰਾਉਂਦਿਆਂ ਸ਼ਹਿਰ ਦੀ ਪਹਿਲੀ ਔਰਤ ਮੇਅਰ ਹੋਣ ਦਾ ਮਾਣ ਹਾਸਲ ਕੀਤਾ ਹੈ। ਖ਼ਬਰ ਲਿਖੇ ਜਾਣ ਤੱਕ ਗੌਂਡੇਕ ਨੂੰ 1 ਲੱਖ 72 ਹਜ਼ਾਰ 314 ਵੋਟ ਮਿਲੇ ਜਦੋਂ ਕਿ ਜੈਰੋਮੀ ਫਾਰਕਸ ਨੂੰ 1 ਲੱਖ 14 ਹਜ਼ਾਰ 482 ਵੋਟਾਂ ਪਈਆਂ।
ਜੈਫ਼ ਡੇਵੀਸਨ 49 ਹਜ਼ਾਰ 622 ਅਤੇ ਬਰੈਡ ਫੀਲਡ 18928 ਵੋਟ ਲੈ ਗਏ। ਜੋਤੀ ਨੇ ਇਹ ਚੋਣ 57832 ਵੋਟਾਂ ਦੇ ਫ਼ਰਕ ਨਾਲ ਜਿੱਤੀ ਹੈ। ਐਡਮੰਟਨ ਤੋਂ ਸਾਬਕਾ ਫੈਡਰਲ ਕੈਬਿਨੇਟ ਮਨਿਸਟਰ ਅਮਰਜੀਤ ਸੋਹੀ ਨੇ ਆਪਣੇ ਨੇੜਲੇ ਵਿਰੋਧੀ ਮਾਇਕ ਨਿਕਲ ਨੂੰ ਵੱਡੇ ਫ਼ਰਕ ਨਾਲ ਸ਼ਿਕਸਤ ਦਿੰਦਿਆਂ ਮੇਅਰ ਦੇ ਅਹੁਦੇ ‘ਤੇ ਜਾਣ ਦਾ ਮਾਣ ਹਾਸਲ ਕੀਤਾ ਹੈ। ਸਾਬਕਾ ਕੌਂਸਲਰ ਜੈਰੋਮੀ ਫਾਰਕਸ ਨੇ ਕਿਹਾ ਹੈ ਕਿ ਮਤਭੇਦ ਹੋਣ ਦੇ ਬਾਵਜੁਦ ਉਹਨਾਂ ਨੂੰ ਭਰੋਸਾ ਹੈ ਕਿ ਡਾ. ਗੌਂਡੇਕ ਸ਼ਹਿਰ ਦੀ ਵਧੀਆ ਮੇਅਰ ਸਾਬਤ ਹੋਵੇਗੀ।